ਭਾਜਪਾ ਆਗੂ ਬੀਬਾ ਜੈਇੰਦਰ ਕੌਰ ਨੇ ਪ੍ਰਿਅੰਕਾ ਗਾਂਧੀ ਨੂੰ ਕੀਤੇ ਪੰਜ ਸਵਾਲ
- ਪਟਿਆਲਾ ਦੌਰੇ ਦੌਰਾਨ ਪੰਜਾਬ ਦੀਆਂ ਔਰਤਾਂ ਲਈ ਐਲਾਨੇ 1000 ਰੁਪਏ ਮਹੀਨਾ ਜਾਰੀ ਕਰਵਾਓ
ਜਗਤਾਰ ਸਿੰਘ
ਪਟਿਆਲਾ 25 ਮਈ 2024 : ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਪਟਿਆਲਾ ਆ ਰਹੀ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੂੰ ਪੰਜ ਸਵਾਲ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਪਟਿਆਲਾ ਆਉਣ 'ਤੇ ਪੰਜਾਬ ਦੇ ਲੋਕਾਂ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਹੈ। ਬੀਬਾ ਜੈਇੰਦਰਾ ਕੌਰ ਦਾ ਕਹਿਣਾ ਹੈ ਕਿ ਕਾਂਗਰਸ ਅੱਜ ਆਮ ਆਦਮੀ ਪਾਰਟੀ ਦੀ ਭਾਈਵਾਲ ਹੈ। ਆਪਣੀ ਪਟਿਆਲਾ ਫੇਰੀ ਦੌਰਾਨ ਪ੍ਰਿਯੰਕਾ ਗਾਂਧੀ ਨੂੰ ਆਪਣੀ ਭਾਈਵਾਲ ਪਾਰਟੀ ਦੀ ਤਰਫੋਂ ਪੰਜਾਬ ਦੀਆਂ ਔਰਤਾਂ ਨੂੰ ਪਹਿਲਾਂ ਤੋਂ ਐਲਾਨੇ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਸ਼ੁਰੂਆਤ ਕਰਵਾਉਣੀ ਚਾਹੀਦੀ ਹੈ ਅਤੇ ਪਿਛਲੇ 26 ਮਹੀਨਿਆਂ ਤੋਂ ਪ੍ਰਤੀ ਔਰਤ 26,000 ਰੁਪਏ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦਾ ਵੀ ਐਲਾਨ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਨੇ ਕੇਂਦਰ ਵਿੱਚ ਸੱਤਾ ਵਿੱਚ ਹੁੰਦਿਆਂ ਤਿੰਨ ਤਲਾਕ ਕਾਨੂੰਨ ਨੂੰ ਲਾਗੂ ਕਿਉਂ ਨਹੀਂ ਕੀਤਾ? ਉਹ ਸੰਸਦ ਵਿੱਚ ਔਰਤਾਂ ਲਈ ਰਾਖਵਾਂਕਰਨ ਕਿਉਂ ਨਹੀਂ ਦੇ ਸਕੇ? ਅੱਜ ਉਹ ਪੰਜਾਬ ਦੀਆਂ ਔਰਤਾਂ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕਰ ਰਹੇ ਹਨ, ਪਰ ਇਹ ਕੰਮ ਇੰਨ੍ਹੇ ਸਾਲ ਸਰਕਾਰ ਹੋਣ ਦੇ ਬਾਵਜੂਦ ਪਹਿਲਾਂ ਕਿਉਂ ਨਹੀਂ ਦੇ ਸਕੇ? ਇਹ ਵੀ ਦੱਸੋ ਕਿ ਕਾਂਗਰਸ ਔਰਤਾਂ ਨੂੰ ਹਰ ਸਾਲ 1 ਲੱਖ ਰੁਪਏ ਦੇਣ ਦਾ ਵਾਅਦਾ ਪੂਰਾ ਕਿੱਥੋਂ ਕਰੇਗੀ? ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਹੋਏ ਹਮਲੇ ਬਾਰੇ ਕਾਂਗਰਸੀ ਆਗੂਆਂ ਨੇ ਚੁੱਪ ਕਿਉਂ ਧਾਰੀ ਹੋਈ ਹੈ?
ਭਾਜਪਾ ਆਗੂ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਜੇਕਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਪਟਿਆਲਾ ਆ ਕੇ ਉਪਰੋਕਤ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਤਾਂ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਉਹ ਸ਼ਰਾਬ ਘੋਟਾਲੇ ਵਿੱਚ ਫਸੇ ਅਰਵਿੰਦ ਕੇਜਰੀਵਾਲ ਨਾਲ ਗੱਠਜੋੜ ਕਰਕੇ ਆਪਣੀ ਅਤੇ ਕਾਂਗਰਸ ਦੀ ਸੱਤਾ ਦੀ ਭੁੱਖ ਨੂੰ ਮਿਟਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਨੂੰ ਬਰਬਾਦ ਕਰਨ ਵਾਲੀ ਪੰਜਾਬ ਦੀ 'ਆਪ' ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਚ ਨਾਕਾਮ ਰਹੀ ਹੈ ਅਤੇ ਪਟਿਆਲਾ ਦੌਰੇ ਦੌਰਾਨ ਪ੍ਰਿਅੰਕਾ ਗਾਂਧੀ ਨੂੰ ਬਿਜਲੀ ਕੱਟਾਂ ਦੌਰਾਨ ਪੰਜਾਬ ਦੇ ਪਿੰਡਾਂ 'ਚ ਇੱਕ ਦੁਪਹਿਰ ਜ਼ਰੂਰ ਕੱਟਣੀ ਚਾਹੀਦੀ ਹੈ, ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀ ਹਾਲਤ ਨੂੰ ਸਮਝ ਸਕੇ।