ਸਿਆਸੀ ਧੰਨ ਧੰਨ ਲਈ ਡੇਰਾ ਸਿਰਸਾ ਦਾ ਆਸਰਾ ਲੈਣ ਦੇ ਜੁਗਾੜ ’ਚ ਪੰਜਾਬ ਦੇ ਕਈ ਨੇਤਾ
ਅਸ਼ੋਕ ਵਰਮਾ
ਬਠਿੰਡਾ , 27 ਮਈ 2024 : ਕੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਆਪਣੀ ਬੇੜੀ ਬੰਨੇ ਲਾਉਣ ਲਈ ਕੁੱਝ ਸਿਆਸੀ ਨੇਤਾ ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਹਾਸਲ ਕਰਨ ਲਈ ਤਰਲੋਮੱਛੀ ਹਨ। ਅਹਿਮ ਸਿਆਸੀ ਸੂਤਰਾਂ ਦੀ ਮੰਨੀਏ ਤਾਂ ਬੀਜੇਪੀ ਨੂੰ ਛੱਡਕੇ ਇੰਨ੍ਹਾਂ ਨੇਤਾਵਾਂ ਦੀ ਗਿਣਤੀ ਕਰੀਬ ਤਿੰਨ ਦਰਜਨ ਹੈ। ਇੰਨ੍ਹਾਂ ਵਿੱਚ ਕਈ ਉਮੀਦਵਾਰ ਵੀ ਹਨ ਜਦੋਂਕਿ ਕੁੱਝ ਨੇ ਪਾਰਟੀ ਖਾਤਰ ਮੋਰਚਾ ਸੰਭਾਲਿਆ ਹੈ। ਸਮੱਸਿਆ ਇਹ ਹੈ ਕਿ ਡੇਰਾ ਮੁਖੀ ਦਾ ਨਾਮ ਬੇਅਦਬੀ ਮਾਮਲਿਆਂ ਨਾਲ ਜੁੜਨ ਕਰਕੇ ਇਹ ਲੋਕ ਪਹਿਲਾਂ ਦੀ ਤਰਾਂ ਖੁੱਲੇ੍ਆਮ ਡੇਰੇ ਨਹੀਂ ਜਾ ਸਕਦੇ ਹਨ ਨਹੀਂ ਤਾਂ ਕੋਈ ਮਸਲਾ ਹੀ ਨਹੀਂ ਸੀ। ਇੱਕ ਸੀਨੀਅਰ ਸਿਆਸੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਸ ਦੀ ਪੁਸ਼ਟੀ ਕੀਤੀ ਹੈ।
ਪਹਿਲਾਂ ਚੋਣਾਂ ਸਮੇਂ ਕੋਈ ਵੀ ਉਮੀਦਵਾਰ ਜਾਂ ਸਿਆਸੀ ਨੇਤਾ ਬਿਨਾਂ ਸਮਾਂ ਲਏ ਹੀ ਡੇਰਾ ਸਿਰਸਾ ਚਲਾ ਜਾਂਦਾ ਸੀ ਅਤੇ ਸਿਆਸੀ ਵਿੰਗ ਨੂੰ ਮਿਲਣ ਦੀ ਕੋਈ ਮੁਸ਼ਕਲ ਨਹੀਂ ਹੁੰਦੀ ਸੀ। ਸਾਲ 2023 ’ਚ ਡੇਰਾ ਮੁਖੀ ਦੇ ਹੁਕਮਾਂ ਤਹਿਤ ਸਿਆਸੀ ਵਿੰਗ ਭੰਗ ਕਰ ਦਿੱਤਾ ਗਿਆ ਸੀ । ਸੂਤਰਾਂ ਮੁਤਾਬਕ 51 ਦਿਨ ਲਈ ਪੈਰੋਲ ਤੇ ਬਾਹਰ ਆਉਣ ਪਿੱਛੋਂ ਡੇਰਾ ਮੁਖੀ ਨੇ ਮੈਨੇਜਮੈਂਟ ਨੂੰ ਹਦਾਇਤ ਕੀਤੀ ਸੀ ਕਿ ਕਿਸੇ ਵੀ ਨੇਤਾ ਨੂੰ ਨਾ ਮਿਲਿਆ ਜਾਵੇ। ਸਿਆਸੀ ਵਿੰਗ ਭੰਗ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੋਣਾਂ ਮੌਕੇ ਡੇਰੇ ਨੇ ਕਿਸੇ ਵੀ ਉਮੀਦਵਾਰ ਜਾਂ ਸਿਆਸੀ ਨੇਤਾ ਨੂੰ ਸਿੱਧੇ ਤੌਰ ’ਤੇ ਮਿਲਣ ਤੋਂ ਪਾਸਾ ਵੱਟਿਆ ਹੈ।
ਇੱਕ ਡੇਰਾ ਪ੍ਰਬੰਧਕ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੀਆਂ ਹਦਾਇਤਾਂ ਤੇ ਡੇਰੇ ਦੀ ਸਾਧ ਸੰਗਤ ਨੇ ਹੁਣ ਸਮਾਜਿਕ ਕਾਰਜਾਂ ਤੇ ਫੋਕਸ ਕੀਤਾ ਹੋਇਆ ਹੈ। ਉਨ੍ਹਾਂ ਕੋਈ ਸਿਆਸੀ ਗੱਲ ਕਰਨ ਜਾਂ ਲੀਡਰਾਂ ਵੱਲੋਂ ਸੰਪਰਕ ਬਨਾਉਣ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਇਹ ਮਤਲਬ ਨਹੀਂ ਕਿ ਨੇਤਾ ਹਾਰ ਮੰਨਕੇ ਬੈਠ ਗਏ ਹਨ ਬਲਕਿ ਡੇਰਾ ਪ੍ਰਬੰਧਕਾਂ ਨਾਲ ਗੁਪਤ ਰੂਪ ’ਚ ਸੰਪਰਕ ਦੇ ਯਤਨ ਜਾਰੀ ਹਨ। ਇਸ ਭੱਜ ਦੌੜ ਦਾ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਸ਼ਾਇਦ ਸਾਹਮਣੇ ਨਾਂ ਆ ਸਕੇ ਪਰ ਡੇਰੇ ਦੇ ਪੱਤਿਆਂ ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਦੀ ਰਾਜਨੀਤੀ ’ਚ ਅਹਿਮ ਭੂਮਿਕਾ ਨਿਭਾਉਣ ਮਾਲਵੇ ’ਚ ਡੇਰਾ ਸਿਰਸਾ ਦਾ ਵੱਡਾ ਪ੍ਰਭਾਵ ਹੈ।
ਮਾਲਵਾ ਪੱਟੀ ’ਚ ਕਰੀਬ 70 ਵਿਧਾਨ ਸਭਾ ਹਲਕੇ ਹਨ ਜਿੰਨ੍ਹਾਂ 'ਚੋਂ 42 ਤੋਂ 45 ਹਲਕਿਆਂ ’ਚ ਡੇਰਾ ਪੈਰੋਕਾਰਾਂ ਦੀਆਂ ਫੈਸਲਾਕੁੰਨ ਵੋਟਾਂ ਹਨ। ਸਾਲ 2007 ਵਿੱਚ ਡੇਰੇ ਨੇ ਕਾਂਗਰਸ ਨੂੰ ਹਮਾਇਤ ਦਿੱਤੀ ਸੀ ਜਿਸ ਕਾਰਨ ਅਕਾਲੀ ਦਲ ਦੇ ਵੱਡੇ ਵੱਡੇ ਥੰਮ੍ਹ ਹਾਰ ਗਏ ਸਨ। ਚੋਣਾਂ ਮਗਰੋਂ ਮਾਝੇ ਅਤੇ ਦੁਆਬੇ ਦੇ ਸਿਰ ਤੇ ਬਣੀ ਅਕਾਲੀ ਸਰਕਾਰ ਕਾਰਨ ਡੇਰਾ ਪੈਰੋਕਾਰਾਂ ਨਾਲ ਵਧੀਕੀਆਂ ਹੋਈਆਂ ਅਤੇ ਕੇਸ ਵੀ ਦਰਜ ਹੋਏ ਪਰ ਕਾਂਗਰਸ ਨੇ ਚੁੱਪ ਵੱਟੀ ਰੱਖੀ। ਸਾਲ 2017 ’ਚ ਅਕਾਲੀ ਦਲ ਨੂੰ ਹਮਾਇਤ ਦੇ ਦਿੱਤੀ ਪਰ ਸਰਕਾਰ ਕਾਂਗਰਸ ਦੀ ਬਣ ਗਈ ਤਾਂ ਡੇਰਾ ਪੈਰੋਕਾਰ ਫਿਰ ਤੋਂ ਨਿਸ਼ਾਨੇ ਤੇ ਆ ਗਏ। ਬੇਅਦਬੀ ਮਾਮਲੇ ਮਗਰੋਂ ਕਾਂਗਰਸ ਤਾਂ ਖੁੱਲ੍ਹੇਆਮ ਹੀ ਡੇਰੇ ਦੇ ਖ਼ਿਲਾਫ਼ ਨਿੱਤਰਦੀ ਆ ਰਹੀ ਹੈ।
ਪੰਜਾਬ ਪੁਲਿਸ ਵੀ ਸਰਗਰਮ
ਲੋਕ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਵੱਲੋਂ ਕਿਸ ਨੂੰ ਹਮਾਇਤ ਅਤੇ ਕੀਹਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਇਸ ਤੇ ਸਰਕਾਰ ਨੇ ਵੀ ਅੱਖ ਰੱਖੀ ਹੋਈ ਹੈ। ਖਾਸ ਤੌਰ ਤੇ ਪੰਜਾਬ ਪੁਲਿਸ ਵੀ ਇਸ ਬਾਰੇ ਕੰਨਸੋਅ ਲੈਣ ਲਈ ਡੇਰਾ ਆਗੂਆਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਪੈੜ ਨੱਪਣ ਲੱਗੀ ਹੈ । ਸੂਤਰ ਦੱਸਦੇ ਹਨ ਕਿ ਬਠਿੰਡਾ ਹਲਕੇ ਨਾਲ ਸਬੰਧਤ ਤੱਥ ਇਕੱਠੇ ਕਰਨ ਲਈ ਇੱਕ ਉੱਚ ਪੁਲਿਸ ਅਧਿਕਾਰੀ ਨੇ ਆਪਣੇ ਹੇਠਲੇ ਮੁਲਾਜਮਾਂ ਦੀ ਡਿਊਟੀ ਲਾਈ ਹੈ ਜਿੰਨ੍ਹਾਂ ਨੇ ਬਠਿੰਡਾ ਅਤੇ ਮਾਨਸਾ ਜਿਲਿ੍ਹਆਂ ਦੇ ਡੇਰਾ ਆਗੂਆਂ ਅਤੇ ਕੁੱਝ ਡੇਰਾ ਪ੍ਰੇਮੀ ਪ੍ਰੀਵਾਰਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਹੋਇਆ ਹੈ।
ਪਾਰਟੀ ਦੀ ਥਾਂ ਉਮੀਦਵਾਰਾਂ ਦੀ ਹਮਾਇਤ?
ਸੂਤਰਾਂ ਮੁਤਾਬਕ ਖੁਫ਼ੀਆ ਵਿਭਾਗ, ਦਾ ਅਨੁਮਾਨ ਹੈ ਕਿ ਡੇਰਾ ਸੱਚਾ ਸੌਦਾ ਕਿਸੇ ਇਕ ਸਿਆਸੀ ਧਿਰ ਦੀ ਹਮਾਇਤ ਕਰਨ ਦੀ ਥਾਂ ਵਿਅਕਤੀਗਤ ਪੱਧਰ ’ਤੇ ਉਮੀਦਵਾਰ ਦੀ ਹਮਾਇਤ ਕਰਨ ਜਾਂ ਨਾ ਕਰਨ ਦਾ ਫੈਸਲਾ ਲੈ ਸਕਦਾ ਹੈ। ਦਿਲਚਸਪ ਗੱਲ ਹੈ ਕਿ ਸੀਆਈਡੀ ਪਿਛਲੇ ਕਈ ਦਿਨਾਂ ਤੋਂ ਇਹ ਭੇਦ ਬੇਪਰਦ ਕਰਨ ਦੇ ਚੱਕਰ ਵਿੱਚ ਦੱਸੀ ਜਾ ਰਹੀ ਹੈ। ਬਠਿੰਡਾ ਜਿਲ੍ਹੇ ਦਾ ਇੱਕ ਡੇਰਾ ਆਗੂ ਖੁਫੀਆ ਵਿਭਾਗ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।
ਬਠਿੰਡਾ ਹਲਕੇ ’ਚ ਪੇਚ ਫਸਿਆ
ਭਾਵੇਂ ਮਾਲਵੇ ਵਿੱਚ ਚੋਣ ਮੁਕਾਬਲੇ ਸਖਤ ਹਨ ਪਰ ਬਠਿੰਡਾ ਹਲਕੇ ’ਚ ਬਾਦਲਾਂ ਦੀ ਨੂੰਹ ਚੌਥੀ ਵਾਰ ਚੋਣ ਮੈਦਾਨ ’ਚ ਉੱਤਰਨ ਕਾਰਨ ਸਿਆਸੀ ਪੇਚ ਫਸਿਆ ਹੋਇਆ ਹੈ। ਇਸ ਹਲਕੇ ’ਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਉਮੀਦਵਾਰ ਹੈ। ਚੁੰਝ ਚਰਚਾ ਹੈ ਕਿ ਡੇਰਾ ਪ੍ਰੇਮੀਆਂ ਵੱਲੋਂ ਇਸ ਵਾਰ ਚੁੱਪ ਚੁਪੀਤੇ ਭਾਜਪਾ ਦੀ ਹਮਾਇਤ ਕੀਤੀ ਜਾਏਗੀ । ਦੂਜੇ ਪਾਸੇ ਕੁੱਝ ਲੋਕ ਡੇਰੇ ਦੀਆਂ ਵੋਟਾਂ ਨੂੰ ਹਰਸਿਮਰਤ ਬਾਦਲ ਨਾਲ ਜੋੜਕੇ ਦੇਖ ਰਹੇ ਹਨ । ਇੰਨ੍ਹਾਂ ਲੋਕਾਂ ਦਾ ਅਨੁਮਾਨ ਹੈ ਕਿ ਬਾਦਲ ਪ੍ਰੀਵਾਰ ਜਿੱਤਣ ਲਈ ਕੋਈ ਵੀ ਦਾਅ ਖੇਡ੍ਹ ਸਕਦਾ ਹੈ। । ਵੱਡੀ ਗੱਲ ਹੈ ਕਿ ਇਸ ਚਰਚਾ ਵਿੱਚੋਂ ਕਾਂਗਰਸ ਬਾਹਰ ਹੈ ਜਦੋਂਕਿ ਆਮ ਆਦਮੀ ਪਾਰਟੀ ਬਾਰੇ ਮਾੜਾ ਮੋਟਾ ਪ੍ਰਭਾਵ ਸਾਹਮਣੇ ਆਇਆ ਹੈ।