ਮਲੇਰਕੋਟਲਾ: ਲੋਕ ਸਭਾ ਚੋਣਾਂ ਲਈ ਸੁਖਾਵਾਂ ਮਾਹੌਲ ਸਿਰਜਣ ਦੇ ਉਦੇਸ਼ ਨਾਲ ਪੁਲਿਸ ਪ੍ਰਸਾਸ਼ਨ ਵਲੋਂ ਫਲੈਗ ਮਾਰਚ
* ਚੋਣਾਂ ਜਮਹੂਰੀਅਤ ਦਾ ਜਸ਼ਨ , ਹਰੇਕ ਵੋਟਰ ਬੇਖੌਫ਼ ਹੋ ਕੇ ਵੋਟ ਪਾਵੇ- ਡਾ ਪੱਲਵੀ
* ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਕੀਤੀ ਫਲੈਗ ਮਾਰਚ ਦੀ ਅਗਵਾਈ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 28 ਮਈ :2024 - ਲੋਕ ਸਭਾ ਚੋਣਾਂ 2024 ਲਈ ਸੁਖਾਵਾਂ ਮਾਹੌਲ ਸਿਰਜਣ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰ ਸਕਣ ਇਸ ਉਦੇਸ਼ ਨਾਲ ਲੋਕਾਂ ਵਿੱਚ ਵਿਸ਼ਵਾਸ ਬਹਾਲੀ ਲਈ ਜ਼ਿਲ੍ਹਾ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਅਤੇ ਐਸ.ਐਸ.ਪੀ ਡਾ ਸਿਮਰਤ ਕੌਰ ਨੇ ਕੀਤੀ। ਇਸ ਫਲੈਗ ਮਾਰਚ ਵਿੱਚ ਐਸ.ਪੀ (ਇਨਵੈਸਟੀਗੇਸਨ) ਸ੍ਰੀ ਵੈਭਵ ਸਹਿਗਲ, ਡੀ.ਐਸ.ਪੀ. ਸ੍ਰੀ ਗੁਰਦੇਵ ਸਿੰਘ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਨੇ ਹਿੱਸਾ ਲਿਆ ।
ਇਸ ਮੌਕੇ ਬੋਲਦਿਆਂ ਡਾ ਪੱਲਵੀ ਨੇ ਕਿਹਾ ਕਿ ਚੋਣਾਂ ਜਮਹੂਰੀਅਤ ਦਾ ਜਸ਼ਨ ਹਨ, ਇਸ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਵੋਟਰ ਬੇਖੌਫ਼ ਹੋ ਕੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਵੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਉਹ ਵੱਧ ਚੜ ਕੇ ਮਤਦਾਨ ਕਰਨ ਅਤੇ ਕਿਸੇ ਦੇ ਵੀ ਪ੍ਰਭਾਵ ਵਿੱਚ ਨਾ ਆਉਣ। ਉਹਨਾਂ ਨੇ ਕਿਹਾ ਕਿ ਇਸ ਫਲੈਗ ਮਾਰਚ ਦੇ ਰਾਹੀਂ ਮਾੜੇ ਅਨਸਰਾਂ ਨੂੰ ਵੀ ਤਾੜਨਾ ਕੀਤੀ ਜਾ ਰਹੀ ਹੈ ਕਿ ਉਹ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਿਲ ਨਾ ਹੋਣ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ੇ ਜਾਂ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਲਗਾਤਾਰ ਉਪਰਾਲੇ ਜਾਰੀ ਹਨ।
ਐਸ.ਐਸ.ਪੀ. ਡਾ ਸਿਮਰਨ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੋਣਾਂ ਦੌਰਾਨ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ । ਲੋਕ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਵੋਟ ਹੱਕ ਦਾ ਇਸਤੇਮਾਲ ਨਿਡਰ ਹੋ ਕੇ ਕਰਨ ਇਸ ਲਈ ਵਿਭਾਗ ਵੱਲੋਂ ਲਗਾਤਾਰ ਜ਼ਿਲੇ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਹਨ ਅਤੇ ਅੱਗੇ ਤੋਂ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।
ਉਹਨਾਂ ਦੱਸਿਆ ਕਿ ਸੁਖਾਵੇਂ ਮਾਹੌਲ ਦੀ ਗਵਾਹੀ ਦੇਣ ਲਈ ਲਗਾਤਾਰ ਫਲੈਗ ਮਾਰਚ, ਵਿਸ਼ੇਸ ਨਾਕੇ ਅਤੇ ਚੈਕਿੰਗਾਂ ਜਾਰੀ ਰਹਿਣਗੀਆਂ । ਇਸ ਮੌਕੇ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਫਲੈਗ ਮਾਰਚ ਨਾਲ ਮਾੜੇ ਅਨਸਰਾਂ ਵਿੱਚ ਡਰ ਪੈਦਾ ਹੋਵੇਗਾ ਅਤੇ ਲੋਕ ਵਧੇਰੇ ਸੁਰੱਖਿਤ ਮਹਿਸੂਸ ਕਰਨਗੇ ਅਤੇ ਜੇਕਰ ਕੋਈ ਗੁਪਤ ਸੂਚਨਾ ਹੋਵੇ ਤਾਂ ਲੋਕ ਬਿਨਾਂ ਡਰ ਭੈਅ ਦੇ ਇਹ ਸੂਚਨਾ ਪੁਲਿਸ ਜਾ ਸਿਵਲ ਪ੍ਰਸਾਸ਼ਨ ਨਾਲ ਸਾਂਝਾ ਕਰਨ ਲਈ ਅੱਗੇ ਆਉਣ।