ਤਪਦੀ ਗਰਮੀ ਵਿੱਚ ਡਿਊਟੀ ਕਰ ਰਹੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਮਜ਼ਬੂਰੀਆਂ ਨੂੰ ਸਿਆਸੀ ਧਿਰਾਂ ਵਲੋਂ ਨਹੀਂ ਰੱਖਿਆ ਚੋਣ ਏਜੰਡੇ 'ਚ
- 8 ਘੰਟੇ ਦੀ ਡਿਊਟੀ ਅਤੇ ਹਫਤਾਵਾਰ ਛੁੱਟੀ ਪੁਲੀਸ ਮੁਲਾਜਮਾਂ ਲਈ ਮਹਿਜ ਸੁਪਨਾ
ਮਨਜੀਤ ਸਿੰਘ ਢੱਲਾ
ਜੈਤੋ, 28 ਮਈ 2024 - ਜਦੋਂ ਵੀ ਚੋਣਾਂ ਦਾ ਬਿਗੁਲ ਵੱਜਦਾ ਹੈ ਪੁਲਿਸ ਮਹਿਕਮਾਂ ਅਜਿਹਾ ਮਹਿਕਮਾ ਹੈ ਜਿਸ ਦੀ ਦੌੜ ਭਜਾਈ ਹਰ ਮਹਿਕਮੇ ਨਾਲੋ ਜਿਆਦਾ ਵੱਧ ਜਾਂਦੀ ਹੈ ਕਿਉਂਕਿ ਪੁਲੀਸ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨਾ ਹੈ। ਜਿਕਰਯੋਗ ਹੈ ਕਿ ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਆਰਾਮ ਅਤੇ ਪਰਿਵਾਰ ਨੂੰ ਸਮਾਂ ਨਾਂ ਮਿਲਣ ਕਰਕੇ ਉਨ੍ਹਾਂ ਦੇ ਸੁਭਾਅ ਵਿਚ ਗੁੱਸਾ ਵਧਣ ਦੇ ਨਾਲ ਉਨ੍ਹਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਕ ਸੇਵਾ ਮੁਕਤ ਪੁਲੀਸ ਮੁਲਾਜ਼ਮ ਨੇ ਗੱਲਬਾਤ ਦੋਰਾਨ ਕਿਹਾ ਕਿ ਲੰਮੇਂ ਸਮੇ ਤੋਂ ਐਲਾਨ ਹੁੰਦੇ ਆ ਰਹੇ ਹਨ ਕਿ ਪੁਲੀਸ ਮੁਲਾਜ਼ਮਾਂ ਨੂੰ 8 ਘੰਟੇ ਦੀ ਡਿਊਟੀ ਅਤੇ ਹਫਤਾਵਾਰ ਛੁੱਟੀ ਮਿਲੇਗੀ ਪਰ ਇਹ ਐਲਾਨ ਲਾਗੂ ਕਦੋਂ ਹੋਣਗੇ ਕੋਈ ਨਹੀਂ ਜਾਣਦਾ। ਉਨ੍ਹਾਂ ਦੱਸਿਆ ਕਿ ਕੇਵਲ ਹੇਠਲੇ ਮੁਲਾਜ਼ਮ ਹੀ ਨਹੀਂ ਪਰ ਗਜਟਿਡ ਅਧਿਕਾਰੀ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਦਿਨ ਚੜ੍ਹਦੇ ਹੀ ਹੁਕਮ ਆ ਜਾਂਦਾ ਕਿ ਧਰਨੇ ਜਾਂ ਘੇਰਾਓ ਨੂੰ ਕੰਟਰੋਲ ਕੀਤਾ ਜਾਵੇ ।
ਕਈ ਮੁਲਾਜ਼ਮਾਂ ਦੀ ਤਾਂ ਸ਼ਾਮ ਤੱਕ ਨਾਈਟ ਡਿਊਟੀ ਸੁਰੂ ਹੋ ਜਾਂਦੀ ਹੈ ਅਤੇ ਸਾਰੀ ਰਾਤ ਘੁੰਮ ਕੇ ਨਾਕੇ ਅਤੇ ਥਾਣੇ ਚੈੱਕ ਕਰਨ ਪਿੱਛੋਂ ਜਦੋਂ ਉਹ ਸਵੇਰੇ ਆਰਾਮ ਕਰਨ ਦੀ ਸੋਚਦਾ ਹੈ ਤੇ ਕਈ ਵਾਰ ਪਰੇਡ ਜਾਂ ਵੀ ਆਈ ਪੀ ਡਿਊਟੀ ਦੇ ਹੁਕਮ ਆ ਜਾਂਦੇ ਹਨ। ਬਹੁਤ ਸਾਰੇ ਪੁਲੀਸ ਮੁਲਾਜ਼ਮ ਅਤੇ ਅਧਿਕਾਰੀ ਕਈ ਵਾਰ ਉਨੀਂਦਰੇ ਹੋਣ ਕਰਕੇ ਸਿਹਤ ਤੇ ਮਾੜਾ ਅਸਰ ਵੀ ਪੈਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਲੋਕਾਂ ਪ੍ਰਤੀ ਚਿੜਚਿੜਾਪਣ ਅਤੇ ਗੁੱਸਾ ਵੱਧਣਾ ਆਮ ਗੱਲ ਹੋ ਗਈ ਹੈ। ਅਜਿਹੇ ਵਿੱਚ ਲੋਕਸਭਾ ਚੋਣਾਂ 2024 ਦਾ ਮਾਹੌਲ ਤਾਂ ਪੂਰੀ ਤਰਾਂ ਗਰਮਾ ਚੁੱਕਾ ਹੈ ਪਰ ਤਪਦੀ ਗਰਮੀ ਵਿਚ ਡਿਊਟੀ ਕਰ ਰਹੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਮਜ਼ਬੂਰੀਆਂ ਨੂੰ ਕਿਸੇ ਵੀ ਸਿਆਸੀ ਧਿਰ ਨੇ ਚੋਣ ਏਜੇਂਡੇ 'ਚ ਨਹੀਂ ਰੱਖਿਆ ਪਰ ਕਾਨੂੰਨ ਦੇ ਰੱਖਿਆ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਹਿਤਾਂ ਤੇ ਵੀ ਸਿਆਸੀ ਪਾਰਟੀਆਂ ਨੂੰ ਗੋਰ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਇਹ ਹੈ ਕਿ ਜਦੋਂ ਇਲੈਕਸ਼ਨਾਂ ਵਿਚ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਗਦੀਆਂ ਹਨ ਉਨ੍ਹਾਂ ਸਥਾਨਾਂ ਤੇ ਅੱਤ ਗਰਮੀ ਦੇ ਮੌਸਮ ਵਿਚ ਇਨ੍ਹਾਂ ਦੇ ਪੀਣ ਲਈ ਠੰਢੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਅਤੇ ਮੈਡੀਕਲ ਸਹਾਇਤਾ ਜਿਵੇਂ ਕਿ ਓ ਆਰ ਐਸ ਦਾ ਪਾਊਡਰ ਅਤੇ ਹੋਰ ਲੋੜੀਂਦੇ ਦੇ ਪ੍ਰਬੰਧਾਂ ਦਾ ਸਰਕਾਰ ਅਤੇ ਸਿਆਸੀ ਨੁਮਾਇੰਦਿਆਂ ਵੱਲੋਂ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਕੁਝ ਤਾਂ ਇਹ ਕਰਮਚਾਰੀ ਅੱਤ ਦੀ ਗਰਮੀ ਵਿਚ ਧੁੱਪ ਵਿਚ ਖੜ੍ਹੇ ਬਿਮਾਰ ਹੋ ਜਾਂਦੇ ਹਨ। ਇਸ ਪਾਸੇ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ।