ਪਟਿਆਲਾ ਦੇ ਲੋਕਾਂ ਨੇ ਰੋਡ ਸ਼ੋਅ ਦੌਰਾਨ ਪ੍ਰਨੀਤ ਕੌਰ 'ਤੇ ਕੀਤੀ ਫੁੱਲਾਂ ਦੀ ਵਰਖਾ
- ਤ੍ਰਿਪੜੀ ਟਾਊਨ ਦੇ ਰੋਡ ਸ਼ੋਅ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ ਵੱਡਾ ਸਮਰਥਨ
- ਪਟਿਆਲਾ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਨੀਤ ਕੌਰ 'ਤੇ ਪ੍ਰਗਟਾਇਆ ਭਰੋਸਾ
ਜਗਤਾਰ ਸਿੰਘ
ਪਟਿਆਲਾ 28 ਮਈ 2024: ਪਟਿਆਲਾ ਹਲਕਾ ਦਿਹਾਤੀ ਦੇ ਤ੍ਰਿਪੜੀ ਟਾਊਨ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵਿਸ਼ਾਲ ਰੋਡ ਸ਼ੋਅ ਦੌਰਾਨ ਇਲਾਕਾ ਨਿਵਾਸੀਆਂ ਨੇ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ 'ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ। ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਦੀ ਅਗਵਾਈ ਹੇਠ ਕਰਵਾਏ ਗਏ ਇਸ ਰੋਡ ਸ਼ੋਅ ਦੌਰਾਨ ਤ੍ਰਿਪੜੀ ਟਾਊਨ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਮਹਾਰਾਣੀ ਪ੍ਰਨੀਤ ਕੌਰ ਦਾ ਸਾਥ ਦਿੱਤਾ। ਕੋਹਲੀ ਸਵੀਟ ਤੋਂ ਲੈ ਕੇ ਕਸ਼ਮੀਰੀ ਗੁਰਦੁਆਰੇ ਤੱਕ ਇਸ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ, ਜਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਸਮੇਂ ਲੋਕਾਂ ਦਾ ਝੁਕਾਅ ਸਭ ਤੋਂ ਵੱਧ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਵੱਲ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਹਲਕਾ ਦਿਹਾਤੀ ਦੇ ਲੋਕ ਬਹੁਤ ਭਾਗਸ਼ਾਲੀ ਹਨ ਕਿਉਂਕਿ ਉਨ੍ਹਾਂ ਦੇ ਇਲਾਕੇ ਵਿੱਚ ਦੇਸ਼ ਦੀ ਦੂਜੀ ਵੱਡੀ ਯੂਨੀਵਰਸਿਟੀ ਬਣਨ ਜਾ ਰਹੀ ਹੈ। ਪਹਿਲਾਂ ਪਟਿਆਲਾ ਹਲਕਾ ਦਿਹਾਤੀ ਵਿੱਚ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੀ ਸਥਾਪਨਾ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ 550 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਉਸਾਰੀ ਚੱਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਖੇਤਰ ਵਿੱਚ ਪੰਜਾਬ ਦਾ ਸਭ ਤੋਂ ਆਧੁਨਿਕ ਬੱਸ ਸਟੈਂਡ ਵੀ ਬਣ ਚੁੱਕਾ ਹੈ। ਇਸ ਤੋਂ ਇਲਾਵਾ ਪਟਿਆਲਾ ਦਿਹਾਤੀ ਹਲਕਾ ਆਉਣ ਵਾਲੇ ਸਮੇਂ ਵਿਚ ਵੱਡੀ ਤਰੱਕੀ ਕਰਨ ਜਾ ਰਿਹਾ ਹੈ, ਕਿਉਂਕਿ ਨਾਰਦਰਨ ਬਾਈਪਾਸ ਦੇ ਨਿਰਮਾਣ ਲਈ ਟੈਂਡਰ ਜਾਰੀ ਹੋ ਚੁੱਕੇ ਹਨ। ਪਰ ਪੰਜਾਬ ਸਰਕਾਰ ਇਸ ਨਿਰਮਾਣ ਕਾਰਜ ਵਿਚ ਆਪਣਾ ਹਿੱਸਾ ਪਾਉਣ ਵਿਚ ਲਗਾਤਾਰ ਦੇਰੀ ਕਰ ਰਹੀ ਹੈ।
ਉੱਤਰੀ ਬਾਈਪਾਸ ਦੇ ਨਿਰਮਾਣ ਨਾਲ ਪਟਿਆਲਾ ਦਾ ਹੋਰ ਵਿਸਥਾਰ ਹੋਵੇਗਾ ਅਤੇ ਲੋਕਾਂ ਦੀ ਆਰਥਿਕ ਹਾਲਤ ਵਿੱਚ ਵੀ ਵੱਡਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟਾਂ ਪਾ ਕੇ ਸਰਹਿੰਦ ਰੋਡ ਨੂੰ ਛੇ ਮਾਰਗੀ ਕਰਨ ਦੇ ਲੰਮੇ ਸਮੇਂ ਤੋਂ ਲਟਕ ਰਹੇ ਕੰਮ ਨੂੰ ਜਲਦੀ ਨੇਪਰੇ ਚੜਵਾ ਪਾਉਣਗੇ। ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਦੀ ਫਤਿਹ ਰੈਲੀ ਨੂੰ ਸਫਲ ਬਣਾਉਣ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਸੁਨਹਿਰੀ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਕਤ ਵਿਚ ਵਾਧਾ ਕਰੀਏ, ਕਿਉਂਕਿ ਉਹ ਪਟਿਆਲੇ ਨੂੰ ਵਿਕਸਿਤ ਕਰਨ ਦਾ ਸੰਕਲਪ ਪਹਿਲਾਂ ਹੀ ਲੈ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਟਿਆਲਾ ਤੋਂ ਉਨ੍ਹਾਂ ਨੂੰ ਮਿਲੇ ਭਰੋਸੇ ਦੀ ਤਾਕਤ ਨਾਲ ਉਹ ਇਕ ਵਾਰ ਫਿਰ ਭਾਰਤੀ ਸੰਸਦ ਵਿਚu ਪਹੁੰਚ ਕੇ ਪਟਿਆਲਾ ਦੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।