'ਆਪ' ਸੰਸਦ ਸੰਜੇ ਸਿੰਘ ਨੇ ਮਲਵਿੰਦਰ ਕੰਗ ਲਈ ਨਵਾਂ ਗਾਓਂ 'ਚ ਕੀਤਾ ਪ੍ਰਚਾਰ, ਕਿਹਾ ਅਮਿਤ ਸ਼ਾਹ ਕੌਣ ਹੰਦਾ ਹੈ ਪੰਜਾਬ ਦੇ ਲੋਕਾਂ ਨੂੰ ਧਮਕਾਉਣ ਵਾਲਾ
- ਮੋਦੀ ਦੀ ਸਿਰਫ ਇਕ ਗਾਰੰਟੀ ਹੈ- "ਝੂਠ ਦੀ ਗਾਰੰਟੀ": ਸੰਜੇ ਸਿੰਘ
- ਭਾਜਪਾ ਚੋਰ ਹੈ, ਉਨ੍ਹਾਂ ਨੇ ਉਧਵ ਠਾਕਰੇ ਤੋਂ ਧਨੁਸ਼-ਤੀਰ ਚੋਰੀ ਕੀਤਾ, ਸ਼ਰਦ ਪਵਾਰ ਤੋਂ ਘੜੀ ਚੋਰੀ ਕੀਤੀ, ਹੁਣ 'ਆਪ' ਤੋਂ 'ਝਾੜੂ' ਚੋਰੀ ਕਰਨਾ ਚਾਹੁੰਦੇ ਹਨ: 'ਆਪ' ਨੇਤਾ
ਮੋਹਾਲੀ/ਚੰਡੀਗੜ੍ਹ, 28 ਮਈ 2024 - ਆਮ ਆਦਮੀ ਪਾਰਟੀ ਪੰਜਾਬ ਵਿੱਚ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ। ਮੰਗਲਵਾਰ ਨੂੰ 'ਆਪ' ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਨਵਾਂ ਗਾਓਂ 'ਚ ਚੋਣ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੀਤਾ।
ਸੰਜੇ ਸਿੰਘ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਧਮਕਾਉਣ ਵਾਲਾ ਅਮਿਤ ਸ਼ਾਹ ਕੌਣ ਹੁੰਦਾ ਹੈ। ਸੰਜੇ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਕੁਝ ਦਿਨ ਪਹਿਲਾਂ ਵੋਟਾਂ ਮੰਗਣ ਲਈ ਲੁਧਿਆਣਾ ਆਏ ਸਨ ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ 4 ਜੂਨ ਨੂੰ ਪੰਜਾਬ 'ਚ 'ਆਪ' ਦੀ ਸਰਕਾਰ ਦਾ ਤਖ਼ਤਾ ਪਲਟ ਦੇਣਗੇ ਅਤੇ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਤੋਂ ਹਟਾ ਦੇਣਗੇ। ਸੰਜੇ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਤਿੰਨ ਕਰੋੜ ਪੰਜਾਬੀਆਂ ਨੇ ਚੁਣਿਆ ਹੈ। ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਪੰਜਾਬ ਦਾ ਇਤਿਹਾਸ ਦੇਖਣਾ ਚਾਹੀਦਾ ਹੈ, ਨਾਦਰ ਸ਼ਾਹ ਵੇਲੇ ਵੀ ਪੰਜਾਬੀ ਝੁਕੇ ਨਹੀਂ ਸੀ। ਅਮਿਤ ਸ਼ਾਹ ਨੂੰ ਇਹ ਗ਼ਲਤਫ਼ਹਿਮੀ ਹੈ ਕਿ ਉਹ ਪੰਜਾਬ 'ਚ ਆਪ ਸਰਕਾਰ ਨੂੰ ਡੇਗਣ ਦੇਣਗੇ।
ਆਪ’ਆਗੂ ਨੇ ਕਿਹਾ ਕਿ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣ ਰਹੀ ਹੈ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਐਮ.ਐਸ.ਪੀ. ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸਾਨ ਅੰਦੋਲਨ ਦੌਰਾਨ ਹੋਈਆਂ 750 ਜਾਨਾਂ ਦਾ ਬਦਲਾ ਆਪਣੀਆਂ ਵੋਟਾਂ ਨਾਲ ਲੈਣਗੇ। ਉਨ੍ਹਾਂ ਕਿਹਾ ਕਿ ਮੋਦੀ ਸਿਰਫ਼ ਇੱਕ ਗਾਰੰਟੀ ਦਿੰਦੇ ਹਨ, ਉਹ ਵੀ ਝੂਠ ਦੀ ਗਾਰੰਟੀ। ਉਹ ਜੁਮਲੇ ਕਹਿੰਦੇ ਹਨ, ਉਨ੍ਹਾਂ ਨੇ ਦਸ ਸਾਲ ਕੁਝ ਨਹੀਂ ਕੀਤਾ, ਹੁਣ ਜਾਤ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ।
ਭਾਜਪਾ 'ਤੇ ਚੁਟਕੀ ਲੈਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਬਾਈਕ-ਚੋਰ, ਸੋਨਾ-ਚੋਰ ਬਾਰੇ ਸੁਣਿਆ ਹੈ, ਪਰ ਭਾਜਪਾ ਇਕ ਵੱਖਰੀ ਕਿਸਮ ਦਾ ਚੋਰ ਗਿਰੋਹ ਹੈ। ਉਨ੍ਹਾਂ ਨੇ ਊਧਵ ਠਾਕਰੇ ਤੋਂ ਧਨੁਸ਼-ਤੀਰ ਅਤੇ ਸ਼ਰਦ ਪਵਾਰ ਤੋਂ ਘੜੀ ਚੋਰੀ ਕੀਤੀ। ਉਹ ਆਮ ਆਦਮੀ ਪਾਰਟੀ ਤੋਂ ‘ਝਾੜੂ’ ਚੋਰੀ ਕਰਨਾ ਚਾਹੁੰਦੇ ਹਨ। ਪਰ ਇਹ ‘ਝਾੜੂ’ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਏਗਾ ਜੋ ਉਹ ਕਦੇ ਨਹੀਂ ਭੁੱਲਣਗੇ।