ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਖ਼ਜਾਨੇ ਦਾ ਮੂੰਹ ਦਿੱਲੀ ਵੱਲ ਖੋਲ੍ਹਿਆ:- ਪ੍ਰੋ. ਚੰਦੂਮਾਜਰਾ
- ਸੂਬਾ ਸਰਕਾਰ ਮੁਲਾਜ਼ਮਾਂ ਅਤੇ ਨੌਜਵਾਨਾਂ ਦੀਆਂ ਮੰਗ ਪੂਰੀਆ ਨਾ ਕਰ ਸਕੀ
ਮੋਹਾਲੀ 29 ਮਈ 2024 - ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਹਾਲੀ ਦੇ ਸੈਕਟਰ 64 ਵਿੱਚ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ਹਿਰ ਵਿੱਚ ਵੋਟਰਾਂ ਦਾ ਭਾਰੀ ਉਤਸ਼ਾਹ ਤੇ ਜ਼ੋਸ ਅਕਾਲੀ ਦਲ ਦੀ ਮਜ਼ਬੂਤੀ ਨੂੰ ਬਿਆਨ ਕਰਦਾ ਹੈ। ਉਨ੍ਹਾਂ ਆਖਿਆ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਡੀ ਗਿਣਤੀ ‘ਚ ਹਲਕੇ ਦੇ ਲੋਕਾਂ ਵਲੋਂ ਅਕਾਲੀ ਦਲ ਵਿੱਚ ਕੀਤੀ ਜਾ ਰਹੀ ਸ਼ਮੂਲੀਅਤ ਅਕਾਲੀ ਦਲ ਦੀ ਜਿੱਤ ਉੱਤੇ ਪੱਕੀ ਮੋਹਰ ਲਗਾਉਦੀ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਹਰ ਸਮੇਂ ਦਿੱਲੀ ਆਪ ਦੇ ਸੁਪਰੀਮੋ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਖ਼ਜਾਨੇ ਦਾ ਮੂੰਹ ਦਿੱਲੀ ਵੱਲ ਖੋਲ੍ਹ ਦਿੱਤਾ ਹੈ। ਪ੍ਰੋ. ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਦਿੱਲੀ ਦੇ ਆਪ ਪਾਰਟੀ ਦੇ ਲੀਡਰ ਸੂਬੇ ਦੇ ਪੈਸੇ ਨੂੰ ਹੋਰਨਾਂ ਰਾਜਾਂ ਵਿੱਚ ਆਪਣੀ ਪਾਰਟੀ ਦਾ ਨਾਮ ਚਮਕਾਉਣ ਲਈ ਖਰਚ ਕਰ ਰਹੇ ਹਨ। ਅਕਾਲੀ ਉਮੀਦਵਾਰ ਨੇ ਆਖਿਆ ਕਿ ਕਾਂਗਰਸ ਦੇ ਆਗੂਆਂ ਨੇ ਆਪਣੇ ਪੰਜ ਸਾਲ ਦੇ ਕਾਲੇ ਕਾਰਨਾਮਿਆਂ ਨੂੰ ਲੁਕਾਉਣ ਲਈ ਆਪ ਨਾਲ ਸਾਂਝਾ ਪਾਈਆ ਹੋਈਆ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਆਪ ਅਤੇ ਕਾਂਗਰਸ ਦੇ ਲੀਡਰ ਇੱਕ ਦੂਜੇ ਪ੍ਰਤੀ ਬਿਆਨਬਾਜ਼ੀ ਕਰਦੇ ਹਨ, ਪਰ ਪੰਜਾਬ ਦੇ ਆਪ ਦੇ ਵਿਧਾਇਕ ਚੰਡੀਗੜ੍ਹ ਵਿੱਚ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਜਾਕੇ ਚੋਣ ਪ੍ਰਚਾਰ ਵੀ ਕਰਕੇ ਆਉਦੇ ਹਨ। ਉਨ੍ਹਾਂ ਆਖਿਆ ਕਿ ਦੋਵਾਂ ਪਾਰਟੀਆਂ ਦਾ ਅਜਿਹਾ ਵਤੀਰਾ ਲੋਕਤੰਤਰ ਲਈ ਵੀ ਖਤਰਨਾਕ ਹੈ। ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਪ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ।
ਚੰਦੂਮਾਜਰਾ ਨੇ ਆਖਿਆ ਕਿ ਪਹਿਲਾਂ ਕਾਂਗਰਸ ਵਲੋਂ ਸੂਬੇ ਦੇ ਲੋਕਾਂ ਨੂੰ ਨੌਜਵਾਨਾਂ ਲਈ ਨੌਕਰੀਆਂ ਦੀ ਗਾਰੰਟੀ, ਕਰਜ਼ਾ ਮੁਆਫ਼ੀ, ਨਸ਼ਿਆਂ ਦਾ ਖ਼ਾਤਮਾ ਆਦਿ ਉੱਤੇ ਭਰਮਾ ਕੇ ਸੱਤਾ ਹਾਸਿਲ ਕੀਤੀ ਅਤੇ ਹੁਣ ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ-ਬੋਲ ਕੇ ਗੁੰਮਰਾਹ ਕੀਤਾ ਗਿਆ। ਉਨਾਂ ਆਖਿਆ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਦਰ ਪਹਿਲਾਂ ਦੇ ਮੁਕਾਬਲੇ ਹੋਰ ਵੀ ਜਿਆਦਾ ਗੰਭੀਰ ਹੋ ਚੁੱਕੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਪ ਸਰਕਾਰ ਦੇ ਰਾਜ ਦੌਰਾਨ ਪੰਜਾਬ ਵਿੱਚ ਜਿੱਥੇ ਬੇਰੁਜ਼ਗਾਰੀ ਦਰ ਸਿਖਰ ‘ਤੇ ਪਹੁੰਚ ਚੁੱਕੀ ਹੈ, ਉੱਥੇ ਹੀ ਸੂਬੇ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਈ ਗੁਣਾ ਜਿਆਦਾ ਵਧਿਆ। ਉਨ੍ਹਾਂ ਦੋਸ਼ ਲਗਾਉਦਿਆਂ ਆਖਿਆ ਕਾਂਗਰਸ ਅਤੇ ਆਪ ਪਾਰਟੀ ਦੇ ਰਾਜ ਵਿੱਚ ਮਾਅਫ਼ੀਤੰਤਰ ਦਾ ਬੋਲਬਾਲ ਹੈ।
ਇਸ ਮੌਕੇ ਐੱਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ, ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਕੌਂਸਲਰ ਬੀਬੀ ਨਿਰਮਲ ਕੌਰ ਢਿੱਲੋਂ, ਖੁਸ਼ਵਿੰਦਰ ਕੌਰ ਸੋਹਾਣਾ, ਸਰਕਲ ਜਗਦੀਸ ਸਿੰਘ ਸਰਾਓ, ਸਿਮਰਨ ਢਿੱਲੋਂ, ਮੰਨਾ ਸੰਧੂ, ਗੁਰਚਰਨ ਚੇਚੀ, ਗੁਰਪ੍ਰਤਾਪ ਬੜ੍ਹੀ, ਕੰਮਾ ਬੜ੍ਹੀ, ਹਰਮਨਪ੍ਰੀਤ ਪ੍ਰਿੰਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।