ਸ਼੍ਰੋਮਣੀ ਅਕਾਲੀ ਦਲ ਹਲਕਾ ਵਾਸੀਆਂ ਦੀ ਹਰ ਉਮੀਦ ‘ਤੇ ਖਰ੍ਹੀ ਉਤਰੇਗੀ: ਸਿਮਰਨਜੀਤ ਚੰਦੂਮਾਜਰਾ
- ਪੰਜਾਬ ਦੇ ਲੋਕ ਇਸ ਵਾਰ ਚੋਣਾਂ ਵਿੱਚ ਫਤਵਾ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਗੇ:- ਪਰਵਿੰਦਰ ਸਿੰਘ ਸੋਹਾਣਾ
ਮੋਹਾਲੀ 29 ਮਈ 2024 - ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਚੰਦੂਮਾਜਰਾ ਦੇ ਹੱਕ ਵਿੱਚ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਮੋਹਾਲੀ ਦੇ ਪਿੰਡ ਜਗਤਪੁਰਾ ‘ਚ ਅੰਬ ਸਾਹਿਬ ਕਾਲੋਨੀ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਹਲਕਾ ਵਾਸੀਆਂ ਦੀ ਹਰ ਉਮੀਦ ਅਤੇ ਆਸ ਉੱਤੇ ਖਰ੍ਹੀ ਉੱਤਰੇਗੀ। ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਕੋਲ ਹਲਕੇ ਦੇ ਲਈ ਕੋਈ ਵਿਕਾਸ ਮਾਡਲ ਨਹੀਂ ਹੈ, ਸਿਵਾਏ ਵਿਰੋਧੀਆਂ ਦੀ ਬੁਰਾਈ ਕਰਨਾ।
ਉਨ੍ਹਾਂ ਆਖਿਆ ਕਿ ਕਾਂਗਰਸ ਪੰਜ ਸਾਲ ਸੱਤਾ ਵਿੱਚ ਰਹੀ ਅਤੇ ਹੁਣ ਆਪ ਪਾਰਟੀ ਦੀ ਸਰਕਾਰ ਬਣਿਆ ਢਾਈ ਸਾਲ ਦਾ ਸਮਾਂ ਲੰਘ ਚੁੱਕਾ ਹੈ, ਪਰ ਦੋਵਾਂ ਪਾਰਟੀਆਂ ਕੋਲ ਹਲਕਾ ਵਾਸੀਆਂ ਨੂੰ ਦੱਸਣ ਲਈ ਕੋਈ ਕੰਮ ਨਹੀਂ ਹੈ। ਉਨ੍ਹਾਂ ਆਖਿਆ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਵਾਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਲਈ ਹਲਕੇ ਤੋਂ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਉੱਥੇ ਹੀ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਪੰਜਾਬ ਦੇ ਕਈ ਜ਼ਿਲ੍ਹੇ ਟੱਪ ਕੇ ਲਿਆਂਦੇ ਗਏ, ਉਨ੍ਹਾਂ ਵਿੱਚੋਂ ਆਪ ਪਾਰਟੀ ਦਾ ਉਮੀਦਵਾਰ ਤਾਂ ਪੰਜਾਬ ਤੋਂ ਵੀ ਨਹੀਂ। ਸਿਮਰਨਜੀਤ ਚੰਦੂਮਾਜਰਾ ਨੇ ਆਖਿਆ ਕਿ ਰਾਜ ਸਭਾ ਵਿੱਚ ਆਪ ਪਾਰਟੀ ਵਲੋਂ ਪੰਜਾਬ ਤੋਂ ਬਾਹਰ ਦੇ ਭੇਜੇ ਐੱਮਪੀ ਨੇ ਕਦੇ ਪੰਜਾਬ ਦੇ ਭਲੇ ਦੀ ਗੱਲ ਨਹੀਂ ਕੀਤੀ, ਸਗੋਂ ਉਲਟਾ ਪੰਜਾਬ ਦੇ ਪਾਣੀਆਂ ਨੂੰ ਖੋਹ ਕੇ ਗੁਆਂਢੀ ਸੂਬਿਆਂ ਨੂੰ ਦੇਣ ਲਈ ਕਾਹਲੇ ਜਰੂਰ ਹਨ।
ਇਸ ਮੌਕੇ ਹਲਕਾ ਇੰਚਾਰਜ਼ ਪਰਵਿੰਦਰ ਸਿੰਘ ਸੋਹਾਣਾ ਨੇ ਆਖਿਆ ਕਿ ਅਕਾਲੀ ਦਲ ਦੇ ਚੋਣ ਜਲਸਿਆਂ ‘ਚ ਲੋਕਾਂ ਦਾ ਉਤਸ਼ਾਹ ਦੇਖ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਚੋਣਾਂ ਵਿੱਚ ਫਤਵਾ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਗੇ। ਉਹਨਾਂ ਕਿਹਾ ਕਿ ਹਲਕੇ ਵਿੱਚ ਅਕਾਲੀ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਲੋਕਾਂ ਨੇ ਪ੍ਰੋ. ਚੰਦੂਮਾਜਰਾ ਵੱਲੋਂ ਹਲਕੇ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਨੂੰ ਦੇਖਿਆ ਹੈ ਤੇ ਲੋਕ ਇੱਕ ਵਾਰ ਫਿਰ ਉਹਨਾਂ ਦੇ ਹੱਕ ਵਿੱਚ ਵੋਟ ਪਾ ਕੇ ਉਹਨਾਂ ਨੂੰ ਜਿਤਾਉਣਗੇ।
ਇਸ ਮੌਕੇ ਹਲਕਾ ਇੰਚਾਰਜ਼ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ, ਕੌਮੀ ਯੂਥ ਮੀਤ ਪ੍ਰਧਾਨ ਅਕਾਲੀ ਦਲ ਪ੍ਰੀਤ ਰਾਠੌਰ, ਕਮਲਜੀਤ ਕੰਮਾ, ਗੁਰਪ੍ਰਤਾਪ ਬੜ੍ਹੀ, ਹਰਮਨਪ੍ਰੀਤ ਪ੍ਰਿੰਸ਼, ਦੇਵੀ ਲਾਲ ਪ੍ਰਧਾਨ, ਪ੍ਰਧਾਨ ਦਰੰਜੇ, ਸ਼ਮਸੇਰ ਪੁਰਖਾਲਵੀ, ਅਸ਼ੋਕ, ਰੇਸ਼ਮ ਗਿਰੀ, ਚੰਦਨਮੋਹਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਸਨ।