ਅਮਿਤ ਸ਼ਾਹ ਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ, ਜਦੋਂ ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ - ਸੰਜੇ ਸਿੰਘ
- ਭਾਜਪਾ-ਆਰਐਸਐਸ ਵਾਲੇ ਸੰਵਿਧਾਨ ਅਤੇ ਰਿਜ਼ਰਵੇਸ਼ਨ ਖ਼ਤਮ ਕਰਨਾ ਚਾਹੁੰਦੇ ਹਨ, ਸੰਵਿਧਾਨ ਬਣਨ ਤੋਂ ਬਾਅਦ ਅੰਬੇਡਕਰ ਦਾ ਪੁਤਲਾ ਫੂਕਿਆ, ਰਿਜ਼ਰਵੇਸ਼ਨ ਦਾ ਵੀ ਇਹਨਾਂ ਲੋਕਾਂ ਨੇ ਵਿਰੋਧ ਕੀਤਾ ਸੀ - ਸੰਜੇ ਸਿੰਘ
- ਲੋਕਾਂ ਨੂੰ ਕੀਤੀ ਅਪੀਲ, ਕਿਹਾ- ਇਸ ਚੋਣ ਵਿਚ ਭਾਜਪਾ ਤੋਂ ਕਿਸਾਨ ਅੰਦੋਲਨ ਦਾ ਬਦਲਾ ਲਓ, ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਓ ਤਾਂ ਜੋ ਇਨ੍ਹਾਂ ਨੂੰ ਪੰਜਾਬ ਨਾਲ ਪੰਗਾ ਲੈਣ ਦਾ ਮਤਲਬ ਪਤਾ ਲੱਗੇ
- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ
ਹੁਸ਼ਿਆਰਪੁਰ/ਚੰਡੀਗੜ੍ਹ, 29 ਮਈ 2024 - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਸੰਜੇ ਸਿੰਘ ਨੇ ਇੱਥੇ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਭਾਸ਼ਣ ਦੌਰਾਨ ਸੰਜੇ ਸਿੰਘ ਨੇ ਭਾਜਪਾ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ 4 ਜੂਨ ਨੂੰ ਪੰਜਾਬ 'ਚ 'ਆਪ' ਦੀ ਸਰਕਾਰ ਨੂੰ ਡੇਗ ਦੇਣਗੇ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਣਗੇ। ਸੰਜੇ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਪਹਿਲਾਂ ਪੰਜਾਬ ਦਾ ਇਤਿਹਾਸ ਪੜ੍ਹ ਲੈਣ। ਜਦੋਂ ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ?
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ। 750 ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਚੋਣ ਵਿੱਚ ਤੁਸੀਂ ਲੋਕ ਭਾਜਪਾ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਓ ਤਾਂ ਜੋ ਉਹ ਪੰਜਾਬ ਨਾਲ ਖਿਲਵਾੜ ਕਰਨ ਦਾ ਮਤਲਬ ਸਮਝ ਸਕਣ।
ਭਾਜਪਾ 'ਤੇ ਚੁਟਕੀ ਲੈਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਬਾਈਕ ਚੋਰ ਅਤੇ ਸੋਨਾ ਚੋਰ ਬਾਰੇ ਸੁਣਿਆ ਹੈ, ਪਰ ਭਾਜਪਾ ਇਕ ਵੱਖਰੀ ਕਿਸਮ ਦਾ ਚੋਰਾਂ ਦਾ ਗਿਰੋਹ ਹੈ। ਉਹ ਪਾਰਟੀ ਚੋਰ ਹੈ। ਉਸਨੇ ਉਧਵ ਠਾਕਰੇ ਤੋਂ ਤੀਰ ਕਮਾਨ ਚੋਰੀ ਕੀਤੇ ਅਤੇ ਸ਼ਰਦ ਪਵਾਰ ਤੋਂ ਘੜੀ ਚੋਰੀ ਕੀਤੀ। ਹੁਣ ਉਹ ਆਮ ਆਦਮੀ ਪਾਰਟੀ ਤੋਂ ‘ਝਾੜੂ’ ਚੋਰੀ ਕਰਨਾ ਚਾਹੁੰਦੇ ਹਨ। ਪਰ ਇਹ 'ਝਾੜੂ' ਇਸ ਵਾਰ ਉਨ੍ਹਾਂ ਦਾ ਭੂਤ ਉਤਾਰ ਦੇਵੇਗਾ।
ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਭਾਜਪਾ ਅਤੇ ਆਰਐਸਐਸ ਦੇ ਲੋਕ ਦੇਸ਼ ਦੇ ਸੰਵਿਧਾਨ ਅਤੇ ਰਿਜਰਵੇਸ਼ਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਸੰਵਿਧਾਨ ਬਣਨ ਤੋਂ ਬਾਅਦ ਉਨ੍ਹਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਪੁਤਲਾ ਫੂਕਿਆ ਅਤੇ ਕਿਹਾ ਕਿ ਇਹ ਸੰਵਿਧਾਨ ਦੇਸ਼ ਵਿਰੋਧੀ ਹੈ। ਜਦੋਂ ਮੰਡਲ ਕਮਿਸ਼ਨ ਦੀ ਸਿਫ਼ਾਰਸ਼ 'ਤੇ ਰਿਜਰਵੇਸ਼ਨ ਲਾਗੂ ਕੀਤਾ ਗਿਆ ਸੀ ਤਾਂ ਵੀ ਉਨ੍ਹਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਭਾਜਪਾ ਦੇ ਲੋਕ ਸ਼ੁਰੂ ਤੋਂ ਹੀ ਰਿਜਰਵੇਸ਼ਨ ਅਤੇ ਸੰਵਿਧਾਨ ਦੇ ਖਿਲਾਫ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਉੱਤਰੀ ਕੋਰੀਆ ਦੇ ਕਿਮ-ਜੋਂਗ ਉਨ ਅਤੇ ਰੂਸ ਦੇ ਵਲਾਦੀਮੀਰ ਪੁਤਿਨ ਵਾਂਗ ਭਾਰਤ ਵਿੱਚ ਤਾਨਾਸ਼ਾਹੀ ਪ੍ਰਣਾਲੀ ਲਾਗੂ ਕਰਨਾ ਚਾਹੁੰਦੀ ਹੈ। ਇਸ ਦੀ ਮਿਸਾਲ ਤੁਸੀਂ ਚੰਡੀਗੜ੍ਹ ਦੇ ਮੇਅਰ ਚੋਣਾਂ ਵਿੱਚ ਦੇਖ ਚੁੱਕੇ ਹੋ। ਇਸ ਲਈ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਸ ਵਾਰ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ।