ਪ੍ਰਨੀਤ ਕੌਰ ਦੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਹਲਕਾ ਡੇਰਾਬੱਸੀ ਦੇ ਵਾਸੀਆਂ ਦਾ ਭਰੋਸਾ - ਨਾਇਬ ਸੈਣੀ
- ਕਿਹਾ, ਢਾਈ ਸਾਲਾਂ ਤੋਂ ਪੰਜਾਬ ਚ ਵਿਕਾਸ ਕਾਰਜਾਂ ਨੂੰ ਲੱਗੀਆਂ ਬਰੇਕਾਂ
ਡੇਰਾਬੱਸੀ, 29 ਮਈ 2024 - ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨੇ ਵੱਡੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਦੀ ਜਿੱਤ ਦਾ ਮੁੱਖ ਆਧਾਰ ਹਲਕਾ ਡੇਰਾਬੱਸੀ ਦੇ ਲੋਕਾਂ ਦਾ ਭਰੋਸਾ ਹੋਵੇਗਾ। ਇਹ ਭਰੋਸਾ ਇੱਕ ਦਿਨ ਵਿੱਚ ਨਹੀਂ ਬਣਿਆ। ਪਿਛਲੇ 25 ਸਾਲਾਂ ਤੋਂ ਉਹ ਲਗਾਤਾਰ ਇੱਥੋਂ ਦੇ ਵਾਸੀਆਂ ਦੇ ਦੁੱਖ-ਸੁੱਖ ਦੇ ਭਾਈਵਾਲ ਹਨ। ਆਪਸੀ ਸਹਿਯੋਗ ਦੇ ਆਧਾਰ 'ਤੇ ਬਣੇ ਇਸ ਭਰੋਸੇ ਨੂੰ ਉਹਨਾਂ ਨੇ ਹਮੇਸ਼ਾ ਆਪਣੀ ਤਾਕਤ ਮੰਨਿਆ ਹੈ। ਇਹੀ ਕਾਰਨ ਹੈ ਕਿ ਅੱਜ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਉਹਨਾਂ ਦੇ ਖਿਲਾਫ ਇਕੱਠੇ ਹਨ, ਪਰ ਇਸ ਦੇ ਬਾਵਜੂਦ ਡੇਰਾਬੱਸੀ ਦਾ ਭਰੋਸਾ ਉਹਨਾਂ ਨੂੰ ਤਿੰਨਾਂ ਵਿਰੋਧੀ ਪਾਰਟੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ।
ਹਲਕਾ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਦੀ ਅਗਵਾਈ ਵਿੱਚ ਡੇਰਾਬੱਸੀ ਵਿਖੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਦੇ ਵਿਕਾਸ ਨੂੰ ਬਰੇਕਾਂ ਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਪੰਜਾਬ ਆਰਥਿਕ ਪੱਖੋਂ ਬੁਰੀ ਤਰ੍ਹਾਂ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਝਾੜੂ ਪਾਰਟੀ ਦਾ ਕੋਈ ਨੁਮਾਇੰਦਾ ਤੁਹਾਡੇ ਕੋਲ ਵੋਟਾਂ ਮੰਗਣ ਲਈ ਆਉਂਦਾ ਹੈ, ਉਸ ਤੋਂ ਪਿਛਲੇ 26 ਮਹੀਨਿਆਂ ਦੇ ਬਕਾਇਆ 26 ਹਜ਼ਾਰ ਰੁਪਏ ਬਾਰੇ ਜ਼ਰੂਰ ਪੁੱਛਿਆ ਜਾਵੇ। ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ।
ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਅਤੇ ਆਰਥਿਕ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਸਾਡੇ ਬੱਚੇ ਪਰਿਵਾਰ ਛੱਡ ਕੇ ਵਿਦੇਸਾਂ ਵਿੱਚ ਜਾ ਰਹੇ ਹਨ। ਬੱਚਿਆਂ ਅਤੇ ਦੇਸ਼ ਦਾ ਭਵਿੱਖ ਇਸ ਸਮੇਂ ਖ਼ਤਰੇ ਵਿੱਚ ਹੈ ਅਤੇ ਇਸ ਨੂੰ ਠੀਕ ਕਰਨ ਲਈ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੂੰ ਦੇਸ਼ ਦੀ ਜ਼ਿੰਮੇਵਾਰੀ ਸੌਂਪਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਪਰ ਇਸ ਸਰਕਾਰ ਨੇ ਢਾਈ ਸਾਲਾਂ ਵਿੱਚ ਪੂਰੇ ਪੰਜਾਬ ਦਾ ਭਵਿੱਖ ਖ਼ਰਾਬ ਕਰ ਦਿੱਤਾ ਹੈ। ਇਸਦਾ ਲੇਖਾ ਜੋਖਾ ਲੋਕ ਇੱਕ ਜੂਨ ਨੂੰ ਕਰਨਗੇ।
ਉਨ੍ਹਾਂ ਨੇ ਕਿਹਾ, "ਮੋਦੀ ਸਰਕਾਰ ਦੇ 10 ਸਾਲ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ ਕਿ ਕਿਵੇਂ ਇੱਕ ਲੋਕ ਕੇਂਦਰਿਤ ਸਰਕਾਰ ਚਲਾਈ ਜਾਂਦੀ ਹੈ। ਮੋਦੀ ਜੀ ਨੇ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਰਹੀਆਂ ਹਨ। ਇਸ ਵਾਰ ਪੰਜਾਬ ਦੇ ਲੋਕ ਵੀ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਸੂਬੇ ਭਰ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਪਾਉਣਗੇ।" ਇਸ ਮੌਕੇ ਐੱਸਐੱਮਐੱਸ ਸੰਧੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ, ਸਗੋਂ ਇਹ ਚੋਣਾਂ ਦੇਸ਼ ਅਤੇ ਪੰਜਾਬ ਦਾ ਭਵਿੱਖ ਤੈਅ ਕਰਨਗੀਆਂ। ਜੇਕਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾਉਣਾ ਹੈ ਤਾਂ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਕੇ ਭਾਜਪਾ ਦੇ ਕਮਲ ਨੂੰ ਵੋਟ ਪਾਈਏ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਮਯਾਬ ਬਣਾਈਏ। ਇਸ ਸੀਨੀਅਰ ਆਗੂ ਬੰਨੀ ਸੰਧੂ, ਮੁਕੇਸ਼ ਗਾਂਧੀ, ਸੁਨੀਲ ਰਾਣਾ, ਵਿਕਰਾਂਤ ਪਵਾਰ, ਪੁਸ਼ਪਿੰਦਰ ਮਹਿਤਾ, ਰਵਿੰਦਰ ਬਤਰਾ, ਨਿਰਮਲ ਨਿਮਾ, ਸੁਰਿੰਦਰ ਜਿਓਲੀ,ਰਵਿੰਦਰ ਵੈਸ਼ਨਵ, ਸ਼ਰੂਤੀ ਭਾਰਦਵਾਜ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਸਮਰਥਕ ਮੌਜੂਦ ਸਨ।