ਮੀਤ ਹੇਅਰ ਵੱਲੋਂ ਸਮੁੱਚੀ ਪਾਰਟੀ ਲੀਡਰਸ਼ਿਪ, ਵਲੰਟੀਅਰਾਂ ਤੇ ਸੰਗਰੂਰ ਵਾਸੀਆਂ ਵੱਲੋਂ ਸਾਥ ਦੇਣ ਲਈ ਧੰਨਵਾਦ
- ਮੀਤ ਹੇਅਰ ਨੇ ਇਕ ਜੂਨ ਨੂੰ ਵੱਡੀ ਗਿਣਤੀ ਵਿੱਚ ਅੱਗੇ ਹੋ ਕੇ ਵੋਟ ਪਾਉਣ ਦੀ ਕੀਤੀ ਅਪੀਲ
ਮੁਹੰਮਦ ਇਸਮਾਈਲ ਏਸ਼ੀਆ
ਸੰਗਰੂਰ /ਮਾਲੇਰਕੋਟਲਾ 30 ਮਈ 2024 - ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਦੌਰਾਨ ਦਿਨ-ਰਾਤ ਇਕ ਕਰਨ ਵਾਲੀ ਪਾਰਟੀ ਲੀਡਰਸ਼ਿਪ, ਵਲੰਟੀਅਰਾਂ ਅਤੇ ਸੰਗਰੂਰ ਵਾਸੀਆਂ ਦਾ ਧੰਨਵਾਦ ਕਰਦਿਆਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਚਾਰ ਨੰਬਰ ਉਤੇ ਝਾੜੂ ਬਟਨ ਦਬਾ ਕੇ ਉਸ ਨੂੰ ਕਾਮਯਾਬ ਕੀਤਾ ਜਾਵੇ।
ਮੀਤ ਹੇਅਰ ਨੇ ਕਿਹਾ ਕਿ ਉਹ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬੇਹੱਦ ਰਿਣੀ ਹੈ ਕਿ ਉਸ ਨੂੰ ਸੰਗਰੂਰ ਦੀ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਉਚ ਲੀਡਰਸ਼ਿਪ ਤੋਂ ਲੈ ਕੇ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ, 9 ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੇ ਨੁਮਾਇੰਦਿਆਂ, ਕੈਬਨਿਟ ਮੰਤਰੀਆਂ, ਵਿਧਾਇਕਾਂ, ਤਿੰਨੇ ਜ਼ਿਲਾ ਪ੍ਰਧਾਨਾਂ, ਚੇਅਰਮੈਨ, ਸਾਰੇ ਪਾਰਟੀ ਅਹੁਦੇਦਾਰਾਂ ਅਤੇ ਹੇਠਲੇ ਪੱਧਰ ਤੱਕ ਵਲੰਟੀਅਰਾਂ ਨੇ ਅੱਤ ਦੀ ਗਰਮੀ ਦੇ ਬਾਵਜੂਦ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਬਹੁਤ ਧੰਨਵਾਦੀ ਹੈ।
ਮੀਤ ਹੇਅਰ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਜੂਨ ਨੂੰ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਉਸ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਉਹ ਆਪਣੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਪੂਰੀ ਵਾਹ ਲਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਦਾ ਹਰ ਇਕ ਮੁੱਦਾ ਕੇਂਦਰ ਤੋਂ ਹੱਲ ਕਰਵਾਏਗਾ ਅਤੇ ਪਾਰਲੀਮੈਂਟ ਵਿੱਚ ਸਾਰੇ ਮਸਲੇ ਉਠਾਵੇਗਾ।