ਨਾ ਐਨ ਡੀ ਏ ਤੇ ਨਾ ਹੀ ਇੰਡੀਆ ਗਠਜੋੜ ਬਲਕਿ ਪੰਜਾਬ ਹੀ ਅਕਾਲੀ ਦਲ ਦੇ ਏਜੰਡੇ ਤੇ ਪਹੁੰਚ ਦਾ ਫੈਸਲਾ ਕਰੇਗਾ: ਸੁਖਬੀਰ ਬਾਦਲ
- ਬਾਹਰੀ ਲੋਕਾਂ ਵੱਲੋਂ ਵੰਡ ਪਾਊ ਰਾਜਨੀਤੀ ਨਾਲ ਪੰਜਾਬੀਆਂ ਨੂੰ ਵੰਡਿਆ ਰੱਖਣ ਲਈ ਸਾਜ਼ਿਸ਼ ਘੜਨ ਦੀ ਕੀਤੀ ਨਿਖੇਧੀ, ਕਿਹਾ ਕਿ ਪੰਜਾਬ ਤਾਂ ਹੀ ਖੁਸ਼ਹਾਲ ਹੋਵੇਗਾ ਜੇਕਰ ’ਭਾਈਚਾਰਕ ਸਾਂਝ’ ਕਾਇਮ ਰਹੀ
- ਕਿਹਾ ਕਿ ਉਹਨਾਂ ਨੂੰ ਆਪ ਸਰਕਾਰ ਖਿਲਾਫ ਲੋਕਾਂ ਵਿਚ ਰੋਹ ਦੀ ਲਹਿਰ ਨਜ਼ਰ ਆ ਰਹੀ ਹੈ, ਕਿਹਾ ਕਿ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ
- ਚੋਣ ਪ੍ਰਚਾਰ ਦੇ ਆਖਰੀ ਦਿਨ ਬਠਿੰਡਾ ਪਾਰਲੀਮਾਨੀ ਹਲਕੇ ਵਿਚ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਅਕਾਲੀ ਦਲ ਦੀਆਂ ਰੈਲੀਆਂ ’ਚ ਉਮੜਿਆ ਜਨ ਸੈਲਾਬ
ਮਾਨਸਾ, 30 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਸਿਰਫ ਪੰਜਾਬ, ਪੰਜਾਬੀਆਂ ਤੇ ਉਹਨਾਂ ਦੇ ਹਿੱਤਾਂ ਲਈ ਹੀ ਡਟੀ ਰਹੇਗੀ। ਉਹਨਾਂ ਕਿਹਾ ਕਿ ਸਾਡੀ ਵਫਾਦਾਰੀ ਪੰਜਾਬ ਨਾਲ ਹੈ ਨਾ ਕਿ ਕਿਸੇ ਗਠਜੋੜ ਨਾਲ। ਉਹਨਾਂ ਕਿਹਾ ਕਿ ਅਸੀਂ ਕਿਸੇ ਹੋਰ ਪਾਰਟੀ ਜਾਂ ਗਠਜੋੜ ਦੇ ਰਾਹ ਤੁਰਨ ਨਾਲੋਂ ਆਪਣੇ ਲੋਕਾਂ ਪ੍ਰਤੀ ਆਪਣੇ ਏਜੰਡੇ ’ਤੇ ਕਾਇਮ ਹਾਂ। ਉਹਨਾਂ ਕਿਹਾ ਕਿ ਸਾਡੇ ਲਈ ਕੋਈ ਵੀ ਗਠਜੋੜ ਅਹਿਮੀਅਤ ਨਹੀਂ ਰੱਖਦਾ ਬਲਕਿ ਸਾਡੇ ਲਈ ਪੰਜਾਬ ਤੇ ਪੰਜਾਬੀਅਤ ਹੀ ਮਾਅਨੇ ਰੱਖਦੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਾਹਰਲਿਆਂ ਦੀਆਂ ਸਾਜ਼ਿਸ਼ਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਉਹ ਆਨੇ ਬਹਾਨੇ ਪੰਜਾਬ ਨੂੰ ਮੁੜ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨੂੰ ਦਿੱਲੀ ਆਧਾਰਿਤ ਪਾਰਟੀਆਂ ਤੋਂ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਉਹ ਪਾਰਟੀਆਂ ਸੂਬੇ ਅਤੇ ਇਸਦੇ ਸਰੋਤਾਂ ਨੂੰ ਲੁੱਟਣਾ ਚਾਹੁੰਦੀਆਂ ਹਨ ਅਤੇ ਵੰਡ ਪਾਊ ਰਾਜਨੀਤੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ’ਭਾਈਚਾਰਕ ਸਾਂਝ’ ਕਾਇਮ ਰਹੇ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਜੇਕਰ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਯਤਨ ਨਾ ਕੀਤੇ ਤਾਂ ਫਿਰ ਕਾਲਾ ਦੌਰ ਮੁੜ ਪਰਤ ਸਕਦਾ ਹੈ।
ਚੋਣ ਪ੍ਰਚਾਰ ਦੇ ਆਖ਼ਰੀ ਦਿਨ ’ਵਿਕਾਸ ਦਾ ਮਸੀਹਾ, ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ’ ਦੇ ਆਕਾਸ਼ ਗੂੰਜਾਊ ਨਾਅਰਿਆਂ ਦੇ ਚਲਦਿਆਂ ਇਥੇ ਸਰਦੂਲਗੜ੍ਹ, ਬੁਢਲਾਡਾ ਤੇ ਮਾਨਸਾ ਵਿਚ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਅਤੇ ਚੋਣ ਪ੍ਰਚਾਰ ਦੌਰਾਨ ਪਾਰਟੀ ਦੇ ਹੱਕ ਵਿਚ ਹੋਏ ਵਿਸ਼ਾਲ ਇਕੱਠਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਨਾ ਸਿਰਫ ਇਹਨਾਂ ਪਾਰਲੀਮਾਨੀ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ ਬਲਕਿ ਸੂਬੇ ਵਿਚ ਅਗਲੀ ਸਰਕਾਰ ਵੀ ਬਣਾਏਗਾ।
ਸਰਦਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਦੋ ਮਹੀਨਿਆਂ ਦੀ ਪੰਜਾਬ ਬਚਾਓ ਯਾਤਰਾ ਦੌਰਾਨ 80 ਤੋਂ ਵੱਧ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਜਿਸ ਦੌਰਾਨ ਸੂਬੇ ਵਿਚ 3200 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ਮਗਰੋ਼ ਉਹਨਾਂ ਨੇ ਵਿਆਪਕ ਲੋਕ ਸੰਪਰਕ ਮੁਹਿੰਮ ਚਲਾਈ ਜਿਸ ਕਾਰਣ ਦਿੱਲੀ ਆਧਾਰਿਤ ਪਾਰਟੀਆਂ ਪਛੜ ਗਈਆਂ ਹਨ। ਉਹਨਾਂ ਕਿਹਾ ਕਿ ਮੈਂ ਕਿਸਾਨਾਂ, ਗਰੀਬਾਂ, ਖੇਤ ਮਜ਼ਦੂਰਾਂ ਸਮਾਜ ਦੇ ਸਭ ਵਰਗਾਂ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਵੀ ਮੀਟਿੰਗ ਕੀਤੀ ਜਿਸ ਦੌਰਾਨ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਗੁੱਸਾ ਸਿਖ਼ਰਾਂ ’ਤੇ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਕਾਂਗਰਸ ਤੇ ਭਾਜਪਾ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੌਰਾਨ ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤੋਂ ਨਾਂਹ ਕਰ ਦਿੱਤੀ ਜਦੋਂ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ’ਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਨਾਂਹ ਕਰ ਦਿੱਤੀ।
ਪੰਜਾਬ ਪੰਜਾਬੀਆਂ ਦਾ ਲੱਗ ਰਹੇ ਨਾਅਰਿਆਂ ਦੇ ਵਿਚਕਾਰ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨਾ ਤਾਂ ਐਨ ਡੀ ਏ ਨਾਲ ਜਾਵੇਗਾ ਤੇ ਨਾਲ ਹੀ ਇੰਡੀਆ ਗਠਜੋੜ ਨਾਲ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਿਰਫ ਪੰਜਾਬ ਨਾਲ ਡੱਟੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਸੰਸਦ ਵਿਚ ਤੁਹਾਡੀ ਆਵਾਜ਼ ਬੁਲੰਦ ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਸਾਡੇ ਦਰਿਆਈ ਪਾਣੀਆਂ ਦੀ ਰਾਖੀ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਸੂਬੇ ਦੇ ਸਾਰੇ ਲਟਕਦੇ ਮਸਲੇ ਹੱਲ ਹੋਣ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਲਈ ਫਾਂਸੀ ਦੀ ਸਜ਼ਾ ਦਾ ਕਾਨੂੰਨ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਕੇਸਾਂ ਦੀ ਸੁਣਵਾਈ ਛੇ ਮਹੀਨਿਆਂ ਵਿਚ ਖਤਮ ਕਰਨ ਲਈ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕਰਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਕਿਸਾਨਾਂ ਲਈ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾਣਗੇ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦੀ ਸਰਕਾਰ ਇਹ ਵੀ ਯਕੀਨੀ ਬਣਾਏਗੀ ਕਿ ਸਾਰੇ ਸੂਬੇ ਵਿਚ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ।
ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਲੋਕ 1 ਜੂਨ ਨੂੰ ਵੋਟਾਂ ਪਾਉਣ ਵੇਲੇ 1 ਜੂਨ 1984 ਦਾ ਦਿਨ ਯਾਦ ਰੱਖਣ। ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰਨ ਦੀ ਤਸਵੀਰ ਵਿਖਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਬੇਰਹਿਮੀ ਨਾਲ ਇਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਨਾਲ ਢਹਿ ਢੇਰੀ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕਰਵਾਇਆ।
ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜਦੋਂ ਇਸ ਮੌਕੇ ਸੰਬੋਧਨ ਕੀਤਾ ਤਾਂ ’ਬੀਬੀ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉਠਿਆ। ਉਹਨਾਂ ਨੇ ਉਹਨਾਂ ਵੱਲੋਂ ਅਕਾਲੀ ਦਲ ਦੀ ਸਰਕਾਰ ਵੇਲੇ ਵਿਧਾਨ ਸਭਾ ਹਲਕਿਆਂ ਵਿਚ ਕਰਵਾਏ ਕੰਮਾਂ ਦਾ ਵੇਰਵਾ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਇਕੱਲੇ ਸਰਦੂਲਗੜ੍ਹ ਵਿਚ 650 ਕਰੋੜ ਰੁਪਏ ਖਰਚੇ ਗਏ ਤੇ ਤਿੰਨ ਨਵੇਂ ਗ੍ਰਿਡ, 10 ਵਾਟਰ ਵਰਕਸ, ਸੀਵਰੇਜ, ਕਾਲਜ, ਸਬ ਡਵੀਜ਼ਨ ਹਸਪਤਾਲ ਤੇ ਜੁਡੀਸ਼ੀਅਲ ਕੰਪਲੈਕਸ ਬਣਵਾਇਆ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਏਮਜ਼, ਕੇਂਦਰੀ ਯੂਨੀਵਰਸਿਟੀ, ਤਕਨੀਕੀ ਕਾਲਜ, ਏਅਰਪੋਰਟ ਤੇ ਫਲਾਈ ਓਵਰ ਹਲਕੇ ਵਾਸਤੇ ਲੈ ਕੇ ਆਈ। ਉਹਨਾਂ ਕਿਹਾ ਕਿ ਉਹਇਹ ਯਕੀਨੀਬਣਾਉਣਗੇ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵਿਚ ਮਾਨਸਾ ਦਾ ਉਦਯੋਗਿਕਰਨ ਹੋਵੇ ਤੇ ਵਿਧਾਨ ਸਭਾਹਲਕੇ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਹੱਲ ਹੋਵੇ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਵੀ ਭਰਵਾਂ ਸਵਾਗਤ ਹੋਹਿਆ। ਇਸ ਮੌਕੇ ਦਿਲਰਾਜ ਸਿੰਘ ਭੂੰਦੜ, ਡਾ. ਨਿਸ਼ਾਨ ਸਿੰਘ ਤੇ ਪ੍ਰੇਮ ਅਰੋੜਾ ਵੀ ਹਾਜ਼ਰ ਸਨ।