ਕਰਤਾਰਪੁਰ ਸਾਹਿਬ, 16 ਜੁਲਾਈ 2019 - ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਮੰਗਲਵਾਰ ਨੂੰ ਕਰਤਾਰਪੁਰ ਕੌਰੀਡੋਰ ਕੰਪਲੈਕਸ ਦੇ ਨਾਲ ਨਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੌਰਾ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਵਿਕਾਸ ਕਾਰਜਾਂ ਲਈ ਹੋਰ ਜ਼ਮੀਨ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਬੇ ਨਾਨਕ ਦੀ ਵਿਰਾਸਤ ਨਾਲ ਪਾਕਿਸਤਾਨ ਵੱਲੋਂ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ।
ਇਸ ਮੌਕੇ ਪਵਨ ਸਿੰਘ ਅਰੋੜਾ ਪੀਆਰਓ ਟੂ ਗਵਰਨਰ ਆਫ ਵੈਸਟ ਪੰਜਾਬ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਗਵਰਨਰ ਪੰਜਾਬ ਨੂੰ ਬਰੀਫਿੰਗ 'ਚ ਦੱਸਿਆ ਗਿਆ ਕਿ ਤਕਰੀਬਨ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਪਾਕਿਸਤਾਨ ਵੱਲ੍ਹ ਦਿਨ ਰਾਤ ਕੰਮ ਹੋ ਰਿਹਾ ਹੈ ਤੇ ਕੰਮ ਦੀ ਰਫਤਾਰ ਬਹੁਤ ਤੇਜ਼ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਲਈ ਜ਼ਮੀਨ ਨੂੰ ਹੋਰ ਵਧਾ ਦਿੱਤਾ ਗਿਆ ਹੈ।
ਪਵਨ ਅਰੋੜਾ ਨੇ ਦੱਸਿਆ ਕਿ ਜ਼ੀਰੋ ਲਾਈਨ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਜੋ ਪੁਲ ਬਣਿਆ ਹੈ ਉਸਦਾ ਗਵਰਨਰ ਪਾਕਿਸਤਾਨ ਨੇ ਖੁਦ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਰਤਾਰਪੁਰ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਵਾਟ ਪਹਿਲਾਂ ਪੈਦਲ ਚੱਲਣ ਵਾਲਿਆਂ ਵਾਸਤੇ ਰਸਤਾ ਬਣਾਇਆ ਗਿਆ ਹੈ ਤਾਂ ਜੋ ਉਥੋਂ ਸ਼ਰਧਾਲੂ ਪੈਦਲ ਚੱਲ ਕੇ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਨੇ।
ਉਨ੍ਹਾਂ ਕਿਹਾ ਕਿ ਗਵਰਨਰ ਪੰਜਾਬ ਨੇ ਇਥੇ ਚਲਦੇ ਕਾਰਜਾਂ ਨੂੰ ਦੇਖ ਕੇ ਕਿਹਾ ਕਿ ਉਨ੍ਹਾਂ ਵੱਲੋਂ ਕੌਮੀ ਵਿਰਸਾ ਸਿੱਖ ਇਤਿਹਾਸ ਪੂਰੀ ਤਰ੍ਹਾਂ ਬਚਾਇਆ ਗਿਆ ਹੈ। ਜੋ ਲੋਕ ਕਹਿੰਦੇ ਨੇ ਕਿ ਗੁਰੁਦਆਰੇ ਦੇ ਆਲੇ ਦੁਆਲੇ ਨੂੰ ਪਾਕਿਸਤਾਨ ਕਮਰਸ਼ੀਅਲ ਸਥਾਨ ਵਜੋਂ ਸਥਾਪਤ ਕਰ ਰਿਹਾ ਹੈ, ਉਹ ਖ਼ਬਰਾਂ ਸਭ ਝੂਠੀਆਂ ਨੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ 104 ਏਕੜ ਵਾਲੀ ਜਗ੍ਹਾ 'ਤੇ ਮੇਨ ਅਸਥਾਨ ਹੈ ਤੇ ਹੋਰ ਸਾਰੀ ਜਗ੍ਹਾ ਖਾਲੀ ਹੈ। ਦੋ ਪੁਰਾਤਨ ਖੂਹ ਉਵੇਂ ਹੀ ਹਨ। ਕਿਸੇ ਨੇ ਕੋਈ ਛੈੜਛਾੜ ਨਹੀਂ ਕੀਤੀ ਗਈ। ਇਸ ਮੌਕੇ ਗਵਰਨਰ ਪੰਜਾਬ ਨੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਇਥੇ ਆ ਕੇ ਦਰਸ਼ਨ ਕਰਨ ਅਤੇ ਧਾਰਮਿਕ ਸਥਾਨਾਂ 'ਤੇ ਸਿੱਖ ਇਤਿਹਾਸ ਨੂੰ ਅੱਖਾਂ ਨਾਲ ਦੇਖ ਸਕਦੇ ਨੇ। ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਗਈ।
ਗਵਰਨਰ ਵੈਸਟ ਪੰਜਾਬ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਆਉਣ ਵਾਲੇ ਕਿਸੇ ਵੀ ਯਾਤਰੀ 'ਤੇ ਕੋਈ ਵੀ ਪਾਬੰਦੀ ਨਹੀਂ ਲਾਈ ਜਾਏਗੀ। ਉਨ੍ਹਾਂ ਕਿਹਾ ਕਿ ਜਿੰਨੇ ਸ਼ਰਧਾਲੂ ਵੀ ਕੌਰੀਡੋਰ ਰਾਹੀਂ ਦਰਸ਼ਨ ਕਰਨ ਆਉਣਗੇ ਉਹ ਉਨ੍ਹਾਂ ਸਾਰਿਆਂ ਦਾ ਇਥੇ ਆਉਣ 'ਤੇ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਬਾਕੀ ਇਹ ਭਾਰਤ ਪਾਕਿਸਤਾਨ ਵੱਲੋਂ ਸੈੱਟ ਪੈਟਰਨ ਅਨੁਸਾਰ ਰੋਜ਼ਾਨਾ ਆਉਣ ਵਾਲੀ ਸੰਗਤ ਨੂੰ ਪਾਕਿਸਤਾਨ ਵੱਲੋਂ ਪੂਰੀ ਸਹੂਲਤ ਦਿੱਤੀ ਜਾਏਗੀ।
Cut
ਗਵਰਨਰ ਨੇ ਦੱਸਿਆ ਕਿ ਜਿਹੜਾ ਕੰਮ ਵੀ ਇਥੇ ਚੱਲ ਰਿਹਾ ਹੈ ਤੇ ਜੋ ਹੋਵੇਗਾ, ਉਸਦਾ 100 ਫੀਸਦ ਖਿਆਲ ਰੱਖਿਆ ਜਾ ਰਿਹਾ ਹੈ ਕਿ ਕਿਤੇ ਵੀ ਧਾਰਮਿਕ, ਇਤਿਹਾਸਕ ਤੇ ਵਿਰਸੇ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ। ਜਿਸ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ।
ਪਵਨ ਅਰੋੜਾ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਚੱਲ ਰਹੇ ਕਾਰਜ ਦੀ ਇੱਕ ਹੋਰ ਡਾਕੂਮੈਂਟਰੀ ਬਣਾਈ ਹੈ ਜੋ ਕਿ ਉਹ ਜਲਦ ਹੀ ਸ਼ੇਅਰ ਕਰਨਗੇ। ਇਸ ਮੌਕੇ ਈਟੀਪੀਬੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਐਫ.ਡਬਲੀਅਊ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ। ਡਿਪਟੀ ਕਮਿਸ਼ਨਰ ਨਾਰੋਵਾਲ, ਕਮਿਸ਼ਨਰ ਗੁੱਜਰਾਂਵਾਲਾ, ਡਿਸਟਠਿਕਟ ਪੁਲਿਸ ਅਫਸਰ ਨਾਰੋਵਾਲ ਵੀ ਮੌਜੂਦ ਸਨ। ਗਵਰਨਰ ਪੰਜਾਬ ਨਾਲ ਵੱਡੇ ਅਫਸਰ ਕਾਮਰਾਨ ਲਸ਼ਾਰੀ, ਡੀਜੀ ਵਾਲਟ ਸਿਟੀ ਅਥਾਰਿਟੀ, ਪ੍ਰਵੇਜ਼ ਕੁਰੈਸ਼ੀ ਆਰਕੀਟੈਕਟ ਨਾਲ ਸਨ ਜਿੰਨ੍ਹਾਂ ਨੇ ਸਾਰੇ ਇਲਾਕੇ ਦਾ ਵੇਰਵਾ ਲਿਆ।
(ਦੇਖੋ ਵੀਡੀਓ: ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਕਰਤਾਰਪੁਰ ਕਾਰੀਡੋਰ ਦਾ ਜਾਇਜ਼ਾ ਲੈਂਦੇ ਹੋਏ)
ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
https://www.youtube.com/watch?v=cjUEXBWKy5M&t=35s