ਲੋਕੇਸ਼ ਰਿਸ਼ੀ
ਗੁਰਦਾਸਪੁਰ, 4 ਸਤੰਬਰ 2019 - ਬੁੱਧਵਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ 'ਤੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਗੇੜ ਦੀ ਗੱਲਬਾਤ ਖ਼ਤਮ ਹੋ ਗਈ ਹੈ। ਮੀਟਿੰਗ ਦੌਰਾਨ 2 ਮੁੱਦਿਆਂ ਤੇ ਸਹਿਮਤੀ ਨਹੀਂ ਬਣੀ। ਜਿੰਨ੍ਹਾਂ 'ਚ 20 ਡਾਲਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫੀਸ ਦੇ ਮੁੱਦੇ 'ਤੇ ਸਹਿਮਤੀ ਨਹੀਂ ਬਣੀ ਤੇ ਦੂਸਰਾ ਪ੍ਰੋਟੋਕਲ ਅਫਸਰਾਂ ਨੂੰ ਨਾਲ ਲਿਜਾਣ ਬਾਰੇ ਵੀ ਅਜੇ ਦੋਹਾਂ ਮੁਲਕਾਂ 'ਚ ਸਹਿਮਤੀ ਨਹੀਂ ਬਣ ਸਕੀ ਹੈ। ਸਮਝੌਤੇ ਮੁਤਾਬਕ ਗ਼ੈਰ–ਸਿੱਖ ਵੀ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰ ਸਕਣਗੇ।
ਭਾਰਤ–ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਵਿਸ਼ੇਸ਼ ਮੌਕਿਆਂ ਉੱਤੇ ਜ਼ਿਆਦਾ ਸ਼ਰਧਾਲੂ ਵੀ ਇੱਥੇ ਪੁੱਜ ਸਕਣਗੇ। ਪਾਕਿਸਤਾਨ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸ਼ਰਧਾਲੂਆਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਕਰਤਾਰਪੁਰ ਸਾਹਿਬ ਲਾਂਘੇ ’ਤੇ ਆਉਣ ਦੀ ਇਜਾਜ਼ਤ ਦੇਣੀ ਚਾਹੁੰਦਾ ਹੈ।
ਅੱਜ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਐੱਸਐੱਲ ਦਾਸ ਨੇ ਅਟਾਰੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸੁਰੱਖਿਆ ਦਾ ਮੁੱਦਾ ਭਾਰਤ ਨੇ ਉਠਾਇਆ। ਦਾਸ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਆੱਨਲਾਈਨ ਅਰਜ਼ੀ ਦੇਣੀ ਹੋਵੇਗੀ ਤੇ ਇਸ ਲਈ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਇੱਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਉਸੇ ਪੋਰਟਲ ਉੱਤੇ ਅਰਜ਼ੀ ਦੇਣੀ ਹੋਵੇਗੀ।
ਮੀਟਿੰਗ 'ਚ ਤੈਅ ਕੀਤੀਆਂ ਅਹਿਮ ਗੱਲਾਂ ਹੇਠ ਪੜ੍ਹੋ :-
- ਰੋਜ਼ਾਨਾ 5,000 ਸ਼ਰਧਾਲੂ ਦਰਸ਼ਨਾਂ ਲਈ ਜਾ ਸਕਣਗੇ।
- ਭਾਰਤ ਦੇ ਸਿੱਖ ਸ਼ਰਧਾਲੂ ਬਿਨਾ ਵੀਜ਼ੇ ਦੇ ਸਾਰਾ ਸਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਣਗੇ।
- ਪਾਕਿਸਤਾਨ ਸਰਕਾਰ ਸ਼ਰਧਾਲੂ ਦੇ ਕਰਤਾਰਪੁਰ ਸਾਹਿਬ ਜਾਣ ਤੋਂ ਚਾਰ ਦਿਨ ਪਹਿਲਾਂ ਉਨ੍ਹਾਂ ਦੀ ਆਮਦ ਦੀ ਪੁਸ਼ਟੀ ਕਰੇਗੀ।
- ਕਰਤਾਰਪੁਰ ਸਾਹਿਬ ਲਾਂਘਾ ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ।
- ਦੋਵੇਂ ਧਿਰਾਂ ਬੁੱਢੀ ਰਾਵੀ ਨਹਿਰ ਉੱਤੇ ਪੁਲ਼ ਬਣਾਉਣ ਲਈ ਸਹਿਮਤ ਹੋ ਗਏ ਹਨ।
- ਬੀਐੱਸਐੱਫ਼ ਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਸਿੱਧੀ ਗੱਲਬਾਤ ਦੀ ਵਿਵਸਥਾ ਹੋਵੇਗੀ।
- ਸ਼ਰਧਾਲੂਆਂ ਲਈ ਵੰਡੇ ਜਾਣ ਵਾਲੇ ਪ੍ਰਸਾਦ ਤੇ ਲੰਗਰ ਲਈ ਵੀ ਲੋੜੀਂਦੇ ਇੰਤਜ਼ਾਮ ਕਰਨ ਲਈ ਪਾਕਿਸਤਾਨ ਸਹਿਮਤ ਹੋ ਗਿਆ ਹੈ।
-ਓਵਰਸੀਜ਼ ਸਿਟੀਜ਼ਨਸ਼ਿਪ ਆੱਫ਼ ਇੰਡੀਆ ਕਾਰਡ ਧਾਰਕ ਭਾਰਤੀ ਮੂਲ ਦੇ ਲੋਕ ਵੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।
- 10 ਦਿਨ ਪਹਿਲਾਂ ਵੀਜ਼ਾ ਅਪਲਾਈ ਕਰਨਾ ਜ਼ਰੂਰੀ, 4 ਦੀਨ ਪਹਿਲਾਂ ਦੇਵੇਗਾ ਪਾਕਿਸਤਾਨ।
- ਇਕ ਵਾਰ ਯਾਤਰਾ ਕਰਨ ਵਾਲੇ ਦੀ ਦੂਸਰੀ ਪਾਕਿਸਤਾਨ ਫੇਰੀ ਬਾਰੇ ਪਾਕਿਸਤਾਨ ਨਾਲ ਨਹੀਂ ਹੋਈ ਹਾਲੇ ਕੋਈ ਗੱਲ