ਧਰਨਾ ਕਾਰੀਆਂ ਨਾਲ ਗੱਲਬਾਤ ਕਰਦੇ ਐਸਡੀਐਮ ਡੇਰਾ ਬਾਬਾ ਨਾਨਕ
ਲੋਕੇਸ਼ ਰਿਸ਼ੀ
ਗੁਰਦਾਸਪੁਰ, 03 ਮਈ 2019 - ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਸ੍ਰੀ ਕਰਤਾਰਪੁਰ ਕਾਰੀਡੋਰ ਨਿਰਮਾਣ ਵਿੱਚ ਆਉਣ ਵਾਲੀਆਂ ਔਕੜਾਂ ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ। ਜਿਸ ਦੇ ਚੱਲਦਿਆਂ ਸਥਾਨਕ ਕਿਸਾਨਾਂ ਵੱਲੋਂ ਇਸ ਨਿਰਮਾਣ ਕਾਰਜ ਨੂੰ ਇੱਕ ਵਾਰ ਫਿਰ ਤੋਂ ਰੁਕਵਾ ਦਿੱਤਾ ਗਿਆ ਹੈ। ਇਹ ਕਿਸਾਨ ਉਹ ਹਨ ਜਿਨ੍ਹਾਂ ਦੀ ਜ਼ਮੀਨਾਂ ਸਰਕਾਰ ਵੱਲੋਂ ਕਾਰੀਡੋਰ ਨਿਰਮਾਣ ਲਈ ਐਕਵਾਇਰ ਕੀਤੀਆਂ ਗਈਆਂ ਹਨ।
ਧਰਨੇ 'ਤੇ ਬੈਠੇ ਕਿਸਾਨਾਂ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਇੱਕ ਤਾਂ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਨੂੰ ਜ਼ਮੀਨ ਦੇ ਬਦਲੇ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਅਤੇ ਹੁਣ ਸਰਕਾਰ ਮੁਆਵਜ਼ਾ ਰਾਸ਼ੀ ਵਿੱਚੋਂ ਟੈਕਸ (ਟੀ.ਡੀ.ਐੱਸ) ਕੱਟਣ ਦੀ ਗੱਲ ਕਹਿ ਰਹੀ ਹੈ। ਹਾਲਾਂ ਐੱਸ.ਡੀ.ਐਮ ਡੇਰਾ ਬਾਬਾ ਨਾਨਕ ਧਰਨਾ ਲਗਾ ਕੇ ਬੈਠੇ ਜ਼ਮੀਨ ਮਾਲਕਾਂ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਪਰ ਉਸ ਨਾਲ ਵੀ ਕੋਈ ਹੱਲ ਨਹੀਂ ਨਿਕਲ ਸਕਿਆ।
ਜ਼ਮੀਨ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜ਼ਮੀਨਾਂ ਲੈਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ। ਕਿ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਰਾਸ਼ੀ ਅਦਾ ਕਰਨ ਉਪਰੰਤ ਹੀ ਕਾਰੀਡੋਰ ਨਿਰਮਾਣ ਸ਼ੁਰੂ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਵਾਅਦੇ ਤੋਂ ਮੁੱਕਰਦਿਆਂ ਜ਼ਮੀਨ ਮਾਲਕਾਂ ਨੂੰ ਬਿਨਾ ਪੈਸੇ ਦਿੱਤੇ ਹੀ ਕੰਮ ਸ਼ੁਰੂ ਕਰ ਦਿੱਤਾ ਅਤੇ ਕਿਸਾਨਾਂ ਨੇ ਫਿਰ ਵੀ ਇਸ ਦਾ ਕੋਈ ਵਿਰੋਧ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਅਤੇ ਪ੍ਰਸ਼ਾਸਨ ਮੁਆਵਜ਼ਾ ਰਾਸ਼ੀ ਵਿੱਚੋਂ 10 ਫ਼ੀਸਦੀ ਟੀ.ਡੀ.ਐਸ ਕੱਟਣ ਦੀ ਗੱਲ ਕਹਿ ਰਹੇ ਹਨ। ਜੋ ਕਿ ਜ਼ਮੀਨ ਮਾਲਕਾਂ ਨਾਲ ਸਿੱਧਾ ਧੱਕਾ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਮੁਆਵਜ਼ਾ ਰਾਸ਼ੀ ਬਹੁਤ ਘੱਟ ਦਿੱਤੀ ਜਾ ਰਹੀ ਹੈ ਅਤੇ ਉਸ ਦੇ ਬਾਵਜੂਦ 10 ਫ਼ੀਸਦੀ ਕਟੌਤੀ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਮੀਨ ਮਾਲਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਵੇਲੇ ਤੱਕ ਧਰਨਾ ਜਾਰੀ ਰਹੇਗਾ।
ਐਸ.ਡੀ.ਐਮ ਗੁਰ ਸਿਮਰਨਜੀਤ ਸਿੰਘ ਢਿੱਲੋਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਧਰਨਾ ਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਟੈਕਸ ਨਾ ਕਟਵਾਉਣ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ਤਾਂ ਜੋ ਇਸ ਦਾ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾ ਸਕੇ।