ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ ਆਪਣਾ ਟਾਂਗਾ ਵਾਪਸ ਮੋੜਦੇ ਹੋਏ
ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਮਾਰਚ 2019 - ਕਰਤਾਰਪੁਰ ਕਾਰੀਡੋਰ ਸਬੰਧੀ ਦੋਹਾਂ ਦੇਸ਼ਾਂ ਦੀਆਂ ਤਕਨੀਕੀ ਟੀਮਾਂ ਵਿਚਕਾਰ ਚੱਲ ਰਹੀ ਮੀਟਿੰਗ ਦੌਰਾਨ ਜਿੱਥੇ ਇੱਕ ਪਾਸੇ ਮੀਡੀਆ ਤੋਂ ਬਰਾਬਰ ਦੂਰੀ ਰੱਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੀਟਿੰਗ ਖ਼ਤਮ ਹੋਣ ਤੱਕ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਜ਼ਰੀਏ ਦਰਸ਼ਨ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਹਾਲਾਂਕਿ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪਰ ਡੇਰਾ ਬਾਬਾ ਨਾਨਕ ਵਿਖੇ ਦਰਸ਼ਨਾਂ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਬਲਾਂ ਵੱਲੋਂ ਦਰਸ਼ਨ ਸਥਾਨ ਤੋਂ ਪਿੱਛੇ ਹੀ ਰੋਕ ਦਿੱਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਦੂਰ ਦੁਰਾਡੇ ਤੋਂ ਆਏ ਸ਼ਰਧਾਲੂਆਂ ਅੰਦਰ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਗਵਾਲੀਅਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਪਵਨਦੀਪ ਸਿੰਘ ਅਤੇ ਉਸ ਦੇ ਭਰਾ ਸਮਰਦੀਪ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਲਾਂਘਾ ਖੁੱਲ੍ਹਣ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਂਘਾ ਖੋਲ੍ਹਣਾ ਸ਼ਲਾਘਾ ਯੋਗ ਕਦਮ ਹੈ, ਪਰ ਜੇਕਰ ਦਰਸ਼ਨਾਂ ਸਬੰਧੀ ਰੋਕ ਲਾਏ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਮਿਲ ਜਾਂਦੀ ਤਾਂ ਉਹ ਉਸੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਬਣਾ ਸਕਦੇ ਸਨ। ਉਨ੍ਹਾਂ ਨਿਰਾਸ਼ਾ ਭਰੇ ਲਹਿਜ਼ੇ 'ਚ ਕਿਹਾ ਕਿ ਅਗਲੇ ਦੋ ਘੰਟਿਆਂ ਤੱਕ ਉਨ੍ਹਾਂ ਨੇ ਵਾਪਸ ਪਰਤਣਾ ਹੈ ਅਤੇ ਜੇਕਰ ਇਸ ਦੌਰਾਨ ਦਰਸ਼ਨਾਂ ਦੀ ਇਜਾਜ਼ਤ ਮਿਲ ਜਾਂਦੀ ਹੈ। ਤਾਂ ਉਹ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜ਼ਰੂਰ ਕਰ ਕੇ ਜਾਣਗੇ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੇ ਦਿਲ ਵਿੱਚ ਇਸ ਦਾ ਮਲਾਲ ਜ਼ਰੂਰ ਰਹੇਗਾ।