ਹਰਦਮ ਮਾਨ
ਸਰੀ, 25 ਸਤੰਬਰ 2020 - ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂਐਸਓ) ਆਫ ਕੈਨੇਡਾ ਨੇ ਆਰਸੀਐਮਪੀ ਵੱਲੋਂ ਦਾੜ੍ਹੀ ਵਾਲੇ ਸਿੱਖ ਪੁਲਿਸ ਅਫਸਰਾਂ ਨੂੰ 31 ਮਾਰਚ ਤੋਂ ਫਰੰਟਲਾਈਨ ਪੁਲਿਸਿੰਗ ਡਿਊਟੀ ਤੋਂ ਹਟਾਉਣ ਦੀ ਆਲੋਚਨਾ ਕਰਦਿਆਂ ਇਸ ਨੂੰ ਅਣਉਚਿਤ ਅਤੇ ਵਿਤਕਰੇ ਭਰਪੂਰ ਕਾਰਵਾਈ ਕਿਹਾ ਹੈ ਅਤੇ ਇਹ ਵਿਤਕਰਾ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਡਬਲਯੂਐਸਓ ਅਨੁਸਾਰ ਆਰੀਸੀਐਮਪੀ ਵੱਲੋਂ ਸਿੱਖ ਅਧਿਕਾਰੀਆਂ ਨੂੰ ਲਗਭਗ ਛੇ ਮਹੀਨਿਆਂ ਤੋਂ ਡੈਸਕ ਡਿਊਟੀ 'ਤੇ ਰੱਖਿਆ ਹੋਇਆ ਹੈ ਅਤੇ ਅਜਿਹਾ ਕਰਨ ਪਿੱਛੇ ਆਰਸੀਐਮਪੀ ਦਾ ਕਹਿਣਾ ਹੈ ਕਿ
ਐਨ-100 ਮਾਸਕ ਚਿਹਰੇ ਦੇ ਵਾਲਾਂ ਕਰਕੇ ਪੂਰੀ ਤਰ੍ਹਾਂ ਫਿਕਸ ਨਹੀਂ ਹੁੰਦੇ ਜਦੋਂ ਕਿ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੈ ਅਤੇ ਇਹ ਫਰੰਟ ਲਾਈਨ ਅਫਸਰਾਂ ਦੀ ਮਰਜ਼ੀ ਹੈ ਕਿ ਉਹ ਮਾਸਕ ਪਹਿਨਣ ਜਾਂ ਨਾ।
ਡਬਲਯੂਐਸਓ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਵਿਚ ਸਿਰਫ ਆਰਸੀਐਮਪੀ ਹੀ ਅਜਿਹੀ ਪੁਲਿਸ ਫੋਰਸ ਹੈ ਜਿਸ ਨੇ ਦਾੜ੍ਹੀ ਵਾਲੇ ਸਿੱਖ ਅਧਿਕਾਰੀਆਂ ਨੂੰ ਫਰੰਟ ਲਾਈਨ ਤੋਂ ਲਾਂਭੇ ਕੀਤਾ ਹੈ ਜਦੋਂ ਕਿ ਸਿੱਖ ਅਧਿਕਾਰੀ ਕੈਨੇਡਾ ਵਿਚ ਹੋਰਨਾਂ ਪੁਲਿਸ ਫੋਰਸਜ਼ ਵਿਚ ਵੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੀ ਕਾਰਨ ਹੈ ਕਿ ਆਰਸੀਐਮਪੀ ਨੂੰ ਕੈਨੇਡਾ ਦੀ ਹੋਰ ਕਿਸੇ ਪੁਲਿਸ ਫੋਰਸ ਜਾਂ ਇੱਥੋਂ ਤੱਕ ਕਿ ਮੈਡੀਕਲ ਫਰੰਟ ਲਾਈਨ ਦੇ ਕਰਮਚਾਰੀਆਂ ਨਾਲੋਂ ਵੀ ਵਧੇਰੇ ਪੀਪੀਈ ਸੁਰੱਖਿਆ ਦੀ ਜ਼ਰੂਰਤ ਹੈ ?
ਡਬਲਯੂਐਸਓ ਦੇ ਪ੍ਰਧਾਨ ਨੇ ਦੱਸਿਆ ਕਿ ਪ੍ਰਭਾਵਿਤ ਸਿੱਖ ਅਫਸਰਾਂ ਨੇ ਅਪ੍ਰੈਲ 2020 ਵਿਚ ਡਬਲਯੂ ਐਸ ਓ ਨਾਲ ਸੰਪਰਕ ਕੀਤਾ ਸੀ ਅਤੇ ਡਬਲਯੂਐਸਓ ਨੇ ਜੂਨ ਦੇ ਸ਼ੁਰੂ ਵਿਚ ਫੈਡਰਲ ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਅਤੇ ਆਰਸੀਐਮਪੀ ਕਮਿਸ਼ਨਰ ਬ੍ਰੇਂਡਾ ਲੱਕੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ ਉਹ ਸਥਿਤੀ ਨੂੰ ਸੁਲਝਾਉਣ ਲਈ ਦਖਲ ਦੇਣ। ਡਬਲਯੂਐਸਓ ਨੇ ਪਬਲਿਕ ਸਰਵਿਸਜ਼ ਅਤੇ ਪ੍ਰਕਿਓਰ ਮਨਿਸਟਰ ਅਨੀਤਾ ਆਨੰਦ ਅਤੇ ਇਨੋਵੇਸ਼ਨ, ਸਾਇੰਸ ਐਂਡ ਟੈਕਨਾਲੋਜੀ ਮਨਿਸਟਰ ਨਵਦੀਪ ਬੈਂਸ ਨੂੰ ਵੀ ਸਥਿਤੀ ਨੂੰ ਸੁਲਝਾਉਣ ਲਈ ਬੇਨਤੀ ਕੀਤੀ ਸੀ ਪਰ ਇਨ੍ਹਾਂ ਮੰਤਰੀਆਂ ਦੇ ਦਫਤਰਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ।
1 ਜੁਲਾਈ 2020 ਨੂੰ ਆਰਸੀਐਮਪੀ ਦੇ ਮੁੱਖ ਮਨੁੱਖੀ ਸਰੋਤ ਅਫਸਰ ਗੇਲ ਜਾਨਸਨ ਨੇ ਡਬਲਯੂਐਸਓ ਨੂੰ ਪੁਸ਼ਟੀ ਕੀਤੀ ਸੀ ਕਿ ਦਾੜ੍ਹੀ ਵਾਲੇ ਸਿੱਖ ਅਧਿਕਾਰੀ ਡੈਸਕ ਡਿਊਟੀ ਤੇ ਹਨ। ਉਨ੍ਹਾਂ ਕਿਹਾ ਸੀ ਕਿ ਕੋਵਿਡ-19 ਕਾਰਨ ਅਸਥਾਈ ਤੌਰ' ਤੇ ਇਹ ਡਿਊਟੀਆਂ ਲਾਈਆਂ ਗਈਆਂ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com
ਕੈਨੇਡਾ ਪੁਲਿਸ ਨੇ ਸਿੱਖ ਤੇ ਮੁਸਲਿਮ ਅਫਸਰਾਂ ਨੂੰ ਫਰੰਟਲਾਈਨ ਡਿਊਟੀਆਂ ਤੋਂ ਹਟਾਇਆ, ਪੜ੍ਹੋ ਕਿਉਂ