ਗੁਰਿੰਦਰਜੀਤ ਨੀਟਾ ਮਾਛੀਕੇ
ਨੇਵਾਡਾ, (ਅਮਰੀਕਾ) 14 ਅਕਤੂਬਰ 2020: ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਲਏ ਬਿਨਾਂ ਆਪਣੇ ਆਪ ਨੂੰ ਸੁਰੱਖਿਅਤ ਮੰਨ ਰਿਹਾ ਹੈ ਤਾਂ ਇਸ ਸੰਬੰਧੀ ਸਿਹਤ ਵਿਗਿਆਨੀਆਂ ਕੋਲ ਬੁਰੀ ਖਬਰ ਹੈ ਕਿਉਂਕਿ ਟੀਕੇ ਤੋਂ ਬਿਨਾਂ ਇਸ ਵਾਇਰਸ ਤੋਂ ਇੱਕ ਵਾਰ ਠੀਕ ਹੋ ਕੇ ਦੁਬਾਰਾ ਪੀੜਿਤ ਹੋ ਸਕਦਾ ਹੈ। ਇਸਦਾ ਸਬੂਤ ਨੇਵਾਡਾ ਵਿੱਚ ਸਾਹਮਣੇ ਆਇਆ ਹੈ । ਇੱਥੇ ਇੱਕ ਹੀ ਆਦਮੀ ਦੋ ਵਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਹੈ।
ਮੈਡੀਕਲ ਜਰਨਲ ਲੈਂਸੇਟ ਇਨਫੈਕਸ਼ੀਅਸ਼ ਵਿਚ ਸੋਮਵਾਰ ਨੂੰ ਛਪੀ ਇਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਣਪਛਾਤਾ ਮਰੀਜ਼ ਜਿਹੜਾ ਕਿ ਸਾਰਸ-ਕੋ -2 ਦੇ ਤੌਰ 'ਤੇ ਜਾਣੇ ਜਾਂਦੇ ਵਾਇਰਸ ਨਾਲ ਦੁਬਾਰਾ ਪੀੜਤ ਹੋਣ ਦਾ ਪਹਿਲਾ ਪੁਸ਼ਟ ਕੇਸ ਹੈ। ਇਹ ਆਦਮੀ ਜੋ 25 ਸਾਲ ਦਾ ਨੌਜਵਾਨ ਹੈ ਅਤੇ ਉਸ ਦੀਆਂ ਡਾਕਟਰੀ ਰਿਪੋਰਟਾਂ ਅਨੁਸਾਰ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਵੀ ਪ੍ਰਭਾਵਿਤ ਨਹੀਂ ਸੀ। ਇਸਦੇ ਇਲਾਵਾ ਉਸ ਦੇ ਖੂਨ ਦੀ ਜਾਂਚ ਵੀ ਆਮ ਹੀ ਸੀ। ਪਰ 25 ਮਾਰਚ ਨੂੰ ਉਹ ਵਾਇਰਸ ਦੇ ਲੱਛਣਾਂ ਜਿਵੇਂ ਕਿ ਗਲੇ ਵਿਚ ਖਰਾਸ਼, ਖੰਘ, ਸਿਰ ਦਰਦ ਅਤੇ ਦਸਤ ਆਦਿ ਤੋਂ ਪ੍ਰਭਾਵਿਤ ਹੋਇਆ ਸੀ।
18 ਅਪ੍ਰੈਲ ਤੱਕ ਕਾਉਂਟੀ ਹੈਲਥ ਡਿਸਟ੍ਰਿਕਟ ਦੁਆਰਾ ਚਲਾਏ ਜਾਂਦੇ ਕੋਰੋਨਾਵਾਇਰਸ ਟੈਸਟਿੰਗ ਸੈਂਟਰ ਵਿੱਚ ਉਸਦਾ ਟੈਸਟ ਪੋਜ਼ਿਟਿਵ ਰਿਹਾ ਪਰ ਫਿਰ ਇਹ ਆਦਮੀ ਘਰ ਵਿਚ ਹੀ ਇਕਾਂਤਵਾਸ ਵਿਚ ਠੀਕ ਹੋ ਗਿਆ ਸੀ ਅਤੇ 9 ਮਈ ਅਤੇ 26 ਮਈ ਨੂੰ ਦੋ ਫਾਲੋ-ਅਪ ਟੈਸਟਾਂ ਵਿੱਚ ਵੀ ਕੋਰੋਨਵਾਇਰਸ ਨੈਗਟਿਵ ਸੀ। ਪਰ 28 ਮਈ ਨੂੰ ਉਹ ਫਿਰ ਬਿਮਾਰ ਹੋਣ ਲੱਗ ਪਿਆ ਅਤੇ ਇਕ ਵਾਰ ਫਿਰ ਨਾਸੋਫੈਰੈਂਜਿਅਲ ਕੋਰੋਨਾਵਾਇਰਸ ਤੋਂ ਪੀੜਿਤ ਹੋ ਗਿਆ। ਅਜਿਹਾ ਇਸ ਲਈ ਹੋਇਆ ਸੀ ਕਿਉਂਕਿ ਉਸਨੇ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਨਹੀਂ ਲਗਾਇਆ ਸੀ। ਇਹ ਆਦਮੀ ਦੋ ਤਰ੍ਹਾਂ ਦੇ ਵਾਇਰਸ ਤੋਂ ਪੀੜਿਤ ਹੋਇਆ ਸੀ ਪਰ ਚੰਗੀ ਖ਼ਬਰ ਇਹ ਹੈ ਕਿ ਭਾਵੇਂ ਇਹ ਵਿਅਕਤੀ ਸਾਰਸ-ਕੋਵ -2 ਦੇ ਦੋ ਹੱਲਿਆਂ ਦੁਆਰਾ ਪੀੜਤ ਹੋਇਆ ਸੀ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਹਰ ਇੱਕ ਲਈ ਵੱਖਰੇ ਟੀਕਿਆਂ ਦੀ ਜ਼ਰੂਰਤ ਹੋਏਗੀ। ਮਾਹਿਰਾਂ ਅਨੁਸਾਰ ਇੱਕ ਟੀਕਾ ਹੀ ਸਾਰੇ ਸਰਕੂਲੇਟਿਵ ਵਾਇਰਸਾਂ ਤੋਂ ਬਚਾਅ ਲਈ ਕਾਫ਼ੀ ਹੋਵੇਗਾ।