ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਅਕਤੂਬਰ ਦੇ ਪਹਿਲੇ ਦਿਨ ਹੀ ਕੋਰੋਨਾ ਕਾਰਨ ਜ਼ਿਲ੍ਹੇ ਅੰਦਰ ਚਾਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 34 ਨਵੇਂ ਕੇਸਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 10 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 10 ਕੇਸ ਮਲੋਟ, 2 ਕੇਸ ਗਿੱਦੜਬਾਹਾ, 2 ਕੇਸ ਪਿੰਡ ਰਾਮਨਗਰ ਸਾਉਂਕੇ, 1 ਕੇਸ ਫੂਲੇਵਾਲਾ, 1 ਕੇਸ ਕੱਦੂ ਖੇੜਾ, 1 ਕੇਸ ਖ਼ੋਖ਼ਰ, 2 ਕੇਸ ਪੱਕੀ ਟਿੱਬੀ, 1 ਕੇਸ ਬਰਕੰਦੀ, 1 ਕੇਸ ਕਿੱਲਿਆਂਵਾਲੀ, 2 ਕੇਸ ਦੋਦਾ ਤੇ 1 ਕੇਸ ਪਿੰਡ ਬਨਵਾਲਾ ਤੋਂ ਸਾਹਮਣੇ ਆਇਆ ਹੈ। ਅੱਜ 331 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1120 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 426 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜੇਟਿਵ ਮਾਮਲਿਆਂ ਦਾ ਅੰਕੜਾ 2519 ਹੋ ਗਿਆ ਹੈ, ਜਿਸ ਵਿੱਚੋਂ ਹੁਣ ਤੱਕ 1898 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਜਦੋਂਕਿ ਇਸ ਵੇਲੇ 577 ਕੇਸ ਐਕਟਿਵ ਚੱਲ ਰਹੇ ਹਨ।
ਕੋਰੋਨਾ ਨਾਲ ਹੋਈਆਂ ਚਾਰ ਹੋਰ ਮੌਤਾਂ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ ਚਾਰ ਹੋਰ ਮੌਤਾਂ ਹੋ ਗਈਆਂ ਹਨ। ਪਹਿਲਾ ਮ੍ਰਿਤਕ 67 ਸਾਲਾ ਮਲੋਟ ਤੋਂ ਸੀ, ਜਿਸਨੂੰ ਬਲੱਡ ਤੇ ਸ਼ੂਗਰ ਦੀ ਸਮੱਸਿਆ ਸੀ, ਜੋ ਦਿੱਲੀ ਦੇ ਇੱਕ ਹਸਪਤਾਲ 'ਚ ਦਾਖ਼ਲ ਸੀ, ਜਿੱਥੇ ਉਸਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਦੂਜਾ ਮ੍ਰਿਤਕ 54 ਸਾਲਾ ਜ਼ਿਲ੍ਹੇ ਦੇ ਪਿੰਡ ਪੱਕੀ ਟਿੱਬੀ ਦਾ ਵਸਨੀਕ ਸੀ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਸੀ, ਜੋ ਕੋਰੋਨਾ ਪੀੜ੍ਹਤ ਚੱਲ ਰਿਹਾ ਸੀ, ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਤੀਜਾ ਮ੍ਰਿ੍ਰਤਕ ਪਿੰਡ ਰਾਮਨਗਰ ਸਾਉਂਕੇ ਤੋਂ 54 ਸਾਲਾ ਵਿਅਕਤੀ ਸੀ, ਜਿਸਨੂੰ ਸਾਹ ਲੈਣ ਵਿੱਚ ਤਕਲੀਫ਼ ਸੀ ਤੇ ਇਲਾਜ ਲਈ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਸੀ, ਜਿੱਥੇ ਉਸਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਇਲਾਜ ਦੌਰਾਨ ਅੱਜ ਇਸਦੀ ਮੌਤ ਹੋ ਗਈ ਹੈ। ਚੌਥਾ ਮ੍ਰਿਤਕ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਸੀ, ਜਿਸਦੀ ਉਮਰ ਕਰੀਬ 78 ਸਾਲ ਸੀ, ਜੋ ਕੋਰੋਨਾ ਪੀੜ੍ਹਤ ਸੀ ਤੇ ਮੋਹਾਲੀ ਦੇ ਹਸਪਤਾਲ ਵਿਖੇ ਉਸਦਾ ਇਲਾਜ ਚੱਲ ਰਿਹਾ ਸੀ। ਅੱਜ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ।
39 ਮਰੀਜ਼ਾਂ ਨੇ ਕੋਰੋਨਾ 'ਤੇ ਪਾਈ ਫਤਿਹ
ਕੋਰੋਨਾ ਪੀੜ੍ਹਤ ਚੱਲ ਰਹੇ 39 ਮਰੀਜ਼ਾਂ ਨੇ ਅੱਜ ਇਸ ਮਹਾਂਮਾਰੀ 'ਤੇ ਫਤਿਹ ਪਾ ਲਈ ਹੈ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਅੱਜ ਰਿਲੀਵ ਕਰ ਦਿੱਤਾ ਗਿਆ ਹੈ। ਇਹ ਪੀੜ੍ਹਤ ਆਈਸੂਲੇਟ ਚੱਲ ਰਹੇ ਸਨ, ਜਿੰਨ੍ਹਾਂ ਨੂੰ ਠੀਕ ਕਰਕੇ ਅੱਜ ਘਰ ਭੇਜ ਦਿੱਤਾ ਗਿਆ ਹੈ।