ਅਸ਼ੋਕ ਵਰਮਾ
- ਆਮ ਆਦਮੀ ਪਾਰਟੀ ਦੇ ਛਾਪੇ ਨੇ ਪਾਇਆ ਅਫਸਰਾਂ ਦੇ ਆਟੇ ਵਿੱਚ ਪਾਣੀ
ਬਠਿੰਡਾ, 27 ਅਕਤੂਬਰ 2020 - ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਸਵੇਰੇ ਜੌਗਰ ਪਾਰਕ ’ਚ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਦੀ ਹਾਜ਼ਰੀ ’ਚ ਦੇਰ ਰਾਤ ਧਰਤੀ ਹੇਠ ਦੱਬਿਆ ਆਟਾ ਬਾਹਰ ਕਢਵਾ ਕੇ ਅਫਸਰਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਆਟਾ ਕੋਰੋਨਾ ਲਾਕਡਾਊਨ ਦੌਰਾਨ ਕੰਮ ਬੰਦ ਹੋਣ ਕਰਕੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਇਕੱਠਾ ਕੀਤਾ ਗਿਆ ਸੀ। ਇਸ ਆਟੇ ’ਚ ਕਾਫੀ ਖੁੱਲ੍ਹਾ ਵੀ ਸੀ ਜਿਸ ਬਾਰੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਆਟਾ ਸਰਕਾਰੀ ਸੀ। ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਨਿਗਮ ਦੇ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ’ਚ ਜੇਸੀਬੀ ਦੀ ਸਹਾਇਤਾ ਨਾਲ ਆਟਾ ਧਰਤੀ ’ਚੋਂ ਬਾਹਰ ਕੱਢਿਆ ਗਿਆ।
ਵੇਰਵਿਆਂ ਮੁਤਾਬਿਕ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਤੀ ਦੇਰ ਰਾਤ ਕਰੀਬ ਜੌਗਰ ਪਾਰਕ ’ਚ ਆਟਾ ਦਬਵਾਇਆ ਸੀ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਜਦੋਂ ਪੱਤਰਕਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਦਿਨ ਚੜਦਿਆਂ ਹੀ ਪਾਰਕ ’ਚ ਪੁੱਜੇ ਤਾਂ ਅਧਿਕਾਰੀਆਂ ਨੇ ਜੇਸੀਬੀ ਦੀ ਸਹਾਇਤਾ ਨਾਲ ਦੱਬਿਆ ਹੋਇਆ ਆਟਾ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਜਦੋਂ ਆਟਾ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਵੇਖਿਆ ਗਿਆ ਕਿ ਜੋ ਪ੍ਰਾਈਵੇਟ ਤੌਰ ’ਤੇ ਆਟਾ ਖ੍ਰੀਦਿਆ ਗਿਆ ਸੀ ਤਾਂ ਉਹ ਥੈਲੀਆਂ ਸਮੇਤ ਹੀ ਦੱਬਿਆ ਹੋਇਆ ਸੀ ਤੇ ਕੁੱਝ ਆਟਾ ਥੈਲੀਆਂ ਖੋਲ੍ਹ ਕੇ ਸੁੱਟਿਆ ਸੀ ਜਿਸ ’ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿਇਹ ਆਟਾ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਹੋ ਸਕਦਾ ਹੈ।
ਉਂਝ ਇੱਕ ਨਿਗਮ ਅਧਿਕਾਰੀ ਨੇ ਤਰਕ ਦਿੱਤਾ ਕਿ ਇਹ ਆਟਾ ਉਨ੍ਹਾਂ ਨੇ ਆਪਣੇ ਪੱਧਰ ’ਤੇ ਹੀ ਇਕੱਠਾ ਕੀਤਾ ਸੀ। ਮੌਕੇ ’ਤੇ ਮੌਜੂਦ ਨਿਗਮ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਆਟਾ ਉਹਨਾਂ ਵੱਲੋਂ ਕੱਲ੍ਹ ਸ਼ਾਮ ਨੂੰ ਦੱਬਿਆ ਗਿਆ ਸੀ। ਇਹ ਆਟਾ ਕਿੱਥੋਂ ਆਇਆ ਸੀ ਤਾਂ ਇਸ ਸਬੰਧੀ ਪੁੱਛੇ ਜਾਣ ’ਤੇ ਉਨਾਂ ਆਖਿਆ ਕਿ ਨਿਗਮ ਅਧਿਕਾਰੀਆਂ ਅਤੇ ਮਾਲੀਆਂ ਆਦਿ ਨੇ ਸੇਵਾ ਭਾਵਨਾ ਤਹਿਤ ਆਪਣੇ ਘਰਾਂ ’ਚੋਂ ਲੋਕਾਂ ਨੂੰ ਵੰਡਣ ਲਈ ਇਕੱਠਾ ਕੀਤਾ ਗਿਆ ਸੀ ਜੋ ਕਰੀਬ 7-8 ਕੁਇੰਟਲ ਸੀ। ਆਟਾ ਖਰਾਬ ਹੋਣ ਸਬੰਧੀ ਉਹਨਾਂ ਕਿਹਾ ਕਿ ਜਦੋਂ ਕਰਫਿਊ ਖੁੱਲ੍ਹ ਗਿਆ ਤਾਂ ਇੱਕ ਦਮ ਉਹਨਾਂ ’ਤੇ ਕੰਮ ਦਾ ਦਬਾਅ ਵਧ ਗਿਆ ਜਿਸ ਕਾਰਨ ਵੰਡਿਆ ਨਹੀਂ ਜਾ ਸਕਿਆ ਤਾਂ ਆਟੇ ’ਚ ਸੁੰਢ ਪੈਣ ਕਰਕੇ ਬਦਬੂ ਆਉਣ ਲੱਗ ਪਈ।
ਅਧਿਕਾਰੀ ਨੇ ਤਰਕ ਦਿੱਤਾ ਕਿ ਜੇਕਰ ਉਹ ਆਟਾ ਪਾਣੀ ’ਚ ਸੁੱਟਦੇ ਤਾਂ ਪਾਣੀ ਖਰਾਬ ਹੋਣਾ ਸੀ। ਖਰਾਬ ਹੋਇਆ ਆਟਾ ਦਿਨ ਦੀ ਥਾਂ ਰਾਤ ਨੂੰ ਹੀ ਦੱਬੇ ਜਾਣ ਸਬੰਧੀ ਪੱਤਰਕਾਰਾਂ ਦੇ ਸਵਾਲ ਦੇ ਜਵਾਬ ’ਚ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਦਿਨ ਵੇਲੇ ਮੁਲਾਜ਼ਮ ਡਿਊਟੀ ’ਤੇ ਹੁੰਦੇ ਹਨ। ਇਸ ਸਬੰਧੀ ਦਫ਼ਤਰ ’ਚ ਕਿਸੇ ਹੋਰ ਨੂੰ ਜਾਣਕਾਰੀ ਦੇਣ ਸਬੰਧੀ ਅਧਿਕਾਰੀ ਨੇ ਆਖਿਆ ਕਿ ਮੈਨੂੰ ਜਾਣਕਾਰੀ ਸੀ ਮੈਂ ਵੀ ਅਫਸਰ ਹਾਂ।
ਜਾਂਚ ਕਰਕੇ ਕਸੂਰਵਾਰ ਖਿਲਾਫ ਕਾਰਵਾਈ
ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਮੌਕੇ ’ਤੇ ਆ ਕੇ ਵੇਖਿਆ ਕਿ ਇੱਥੇ ਟੋਆ ਪੁੱਟਕੇ ਆਟਾ ਦੱਬਿਆ ਹੋਇਆ ਸੀ। ਕਮਿਸ਼ਨਰ ਨੇ ਆਖਿਆ ਕਿ ਜੋ ਚੀਜ ਕਿਸੇ ਦੇ ਢਿੱਡ ’ਚ ਪੈਣੀ ਚਾਹੀਦੀ ਸੀ ਉਸਨੂੰ ਇਸ ਤਰ੍ਹਾਂ ਧਰਤੀ ਹੇਠ ਦੱਬਣਾ ਬਹੁਤ ਵੱਡੀ ਬੇਅਦਬੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਜੋ ਵੀ ਵਿਅਕਤੀ ਜਿੰਮੇਵਾਰ ਹੈ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਨੇ ਆਖਿਆ ਕਿ ਇਸ ਬਾਰੇ ਉਹ ਪੂਰੀ ਜਾਂਚ ਖੁਦ ਕਰਨਗੇ।
ਕਸੂਰਵਾਰਾਂ ਖਿਲਾਫ ਕਾਰਵਾਈ ਹੋਵੇ:ਆਪ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਦੀਪ ਜੀਦਾ , ਸ਼ਹਿਰੀ ਆਗੂ ਅੰਮ੍ਰਿਤ ਲਾਲ ਅਗਰਵਾਲ, ਅਤੇ ਅਨਿਲ ਠਾਕੁਰ ਨੇ ਕਿਹਾ ਕਿ ਪਤਾ ਲੱਗਣ ’ਤੇ ਉਹ ਜੌਗਰ ਪਾਰਕ ਪਹੁੰਚੇ ਤਾਂ ਵੇਖਿਆ ਕਿ ਕਰੀਬ ਦੋ ਟਰਾਲੀਆਂ ਆਟਾ ਮਿੱਟੀ ਪੁੱਟਕੇ ਹੇਠਾਂ ਦੱਬਿਆ ਗਿਆ ਸੀ। ਜੀਦਾ ਨੇ ਕਿਹਾ ਕਿ ਉਹਨਾਂ ਨੇ ਤਾਂ ਲਾਕਡਾਊਨ ਦੌਰਾਨ ਵੀ ਕਿਹਾ ਸੀ ਕਿ ਗਰੀਬਾਂ ਨੂੰ ਰਾਸ਼ਨ ਵੰਡਣ ਮੌਕੇ ਵੀ ਸਿਆਸਤ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਹੁਣ ਪਤਾ ਲੱਗ ਗਿਆ ਕਿ ਇਹ ਲੋੜਵੰਦਾਂ ਲਈ ਸਰਕਾਰਾਂ ਵੱਲੋਂ ਭੇਜਿਆ ਗਿਆ ਆਟਾ ਜਾਂ ਤਾਂ ਕਿਸੇ ਸਿਆਸੀ ਆਗੂ ਦੇ ਕੋਲ ਜਾਂ ਸਰਕਾਰੀ ਅਧਿਕਾਰੀ ਕੋਲ ਸਟਾਕ ਕੀਤਾ ਹੋਇਆ ਸੀ ਜੋ ਹੁਣ ਇੱਥੇ ਦੱਬਿਆ ਗਿਆ। ਉਹਨਾਂ ਮਾਮਲੇ ਦੀ ਪੜਤਾਲ ਕਰਕੇ ਕਸੂਰਵਾਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।