ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਨਵੰਬਰ 2020-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਇਸ ਸਮੇਂ ਕੋਰੋਨਾ ਪੂਰੀ ਤਰ੍ਹਾਂ ਨਾਲ ਹਾਵੀ ਚੱਲ ਰਿਹਾ ਹੈ। ਆਏ ਦਿਨ ਜ਼ਿਲ੍ਹੇ ਅੰਦਰ ਕੋਰੋਨਾ ਨਿੱਤ ਰੋਜ਼ ਮਨੁੱਖੀ ਜਾਨਾਂ ਨਿਗਲ ਰਿਹਾ ਹੈ ਤਾਂ ਦੂਜੇ ਪਾਸੇ ਦਰਜਨਾਂ ਦੀ ਗਿਣਤੀ ਵਿੱਚ ਲੋਕ ਪਾਜ਼ੇਟਿਵ ਵੀ ਸਾਹਮਣੇ ਆ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਰੁਕ ਕੇ ਫ਼ਿਰ ਤੋਂ ਕੋਰੋਨਾ ਦਾ ਪ੍ਰਕੋਪ ਤੇਜ਼ ਹੋ ਗਿਆ ਹੈ। ਰੋਜ਼ਾਨਾ ਜ਼ਿਲ੍ਹੇ ਅੰਦਰ 1 ਤੋਂ 3 ਤੱਕ ਲੋਕ ਕੋਰੋਨਾ ਕਰਕੇ ਆਪਣੀ ਜਾਨ ਗਵਾ ਰਹੇ ਹਨ, ਜਿੰਨ੍ਹਾਂ ਵਿੱਚ ਮਰਦ-ਔਰਤਾਂ ਦੇ ਨੌਜਵਾਨ ਵਰਗ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਪਾਏ ਜਾਂਦੇ ਹਨ। ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦਾ ਪ੍ਰਭਾਵ ਇਸ ਕਦਰ ਦਰਜ ਕੀਤਾ ਗਿਆ ਹੈ ਕਿ ਜ਼ਿਲ੍ਹੇ ਅੰਦਰ ਇਕੱਠੇ 48 ਕੋਰੋਨਾ ਪੀੜ੍ਹਤ ਸਾਹਮਣੇ ਆਏ ਹਨ।
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 12 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 13 ਕੇਸ ਮਲੋਟ, 7 ਕੇਸ ਗਿੱਦੜਬਾਹਾ, 2 ਕੇਸ ਪਿੰਡ ਮਲੋਟ, 1 ਕੇਸ ਕੁਰਾਈਵਾਲਾ, 1 ਕੇਸ ਅਬੁਲ ਖ਼ੁਰਾਣਾ, 1 ਕੇਸ ਹਰੀਕੇ ਕਲਾਂ, 1 ਕੇਸ ਸਮਾਘ, 2 ਕੇਸ ਭੁੱਟੀਵਾਲਾ, 1 ਕੇਸ ਭਲਾਈਆਣਾ, 2 ਕੇਸ ਚੰਨੂੰ, 1 ਕੇਸ ਮਾਹੂਆਣਾ ਤੇ 4 ਕੇਸ ਮੰਡੀ ਕਿੱਲਿਆਂਵਾਲੀ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 59 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 164 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 603 ਸੈਂਪਲ ਬਕਾਇਆ ਪਏ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 457 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3474 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 3176 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 216 ਕੇਸ ਸਰਗਰਮ ਚੱਲ ਰਹੇ ਹਨ। ਇਸ ਤੋਂ ਇਲਾਵਾ 82 ਲੋਕਾਂ ਦੀ ਹੁਣ ਤੱਕ ਕੋਰੋਨਾ ਕਰਕੇ ਮੌਤ ਵੀ ਹੋ ਚੁੱਕੀ ਹੈ।