ਹਰਜਿੰਦਰ ਸਿੰਘ ਭੱਟੀ
- ਕੋਰੋਨਾ ਵਾਇਰਸ ਤੋਂ ਬਚਾਓ ਲਈ ਸਰਕਾਰੀ ਅਧਿਕਾਰੀਆਂ / ਕਰਮਚਾਰੀਆਂ ਦੀ ਕੋਵਿਡ-19 ਦੀ ਜਾਂਚ ਜਰੂਰੀ : ਡੀ.ਸੀ.
- ਜ਼ਿਲ੍ਹੇ ਚ 57 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 104 ਪਾਜ਼ੀਟਿਵ ਨਵੇਂ ਕੇਸ ਮਿਲੇ
- ਕੋਵਿਡ -19 ਦੇ 01 ਮਰੀਜ਼ ਦੀ ਹੋਈ ਮੌਤ
ਐਸ.ਏ.ਐਸ ਨਗਰ, 17 ਨਵੰਬਰ 2020 - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਦਫਤਰ ਦੇ ਕਰਮਚਾਰੀਆਂ ਦੀ ਕੋਵਿਡ-19 ਦੀ ਜਾਂਚ ਕਰਨ ਲਈ ਖੇਡ ਭਵਨ ਸੈਕਟਰ -78 ਵਿਖੇ ਬਣੇ ਕੋਵਿਡ ਸੈਂਪਲ ਕੇਂਦਰ ਚ ਆਰ.ਟੀ. ਪੀ.ਸੀ.ਆਰ ਦੇ ਸੈਂਪਲ ਲਏ ਗਏ ਸਨ। ਸੈਂਪਲਾਂ ਦੀ ਜਾਂਚ ਕਰਨ ਤੇ ਸਾਰੇ ਕਰਮਚਾਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀ/ਕਰਮਚਾਰੀਆਂ ਦਾ ਆਮ ਲੋਕਾਂ ਦੇ ਨਾਲ ਰਾਬਤਾ ਰਹਿੰਦਾ ਹੈ ਅਤੇ ਲੋਕ ਆਪਣਾ ਕੰਮ ਕਰਵਾਉਣ ਲਈ ਦਫਤਰਾਂ ਵਿੱਚ ਆਉਂਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਇਸ ਦਾ ਸਮੇਂ ਸਿਰ ਪਤਾ ਲਗਾਉਣ ਲਈ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਅਧਿਕਾਰੀ/ਕਰਮਚਾਰੀਆਂ ਦਾ ਕੋਵਿਡ ਟੈਸਟ ਕਰਵਾਉਣਾ ਜਰੂਰੀ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਕਾਰੀ / ਕਰਮਚਾਰੀਆਂ ਦੇ ਟੈਸਟ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਦਫਤਰਾਂ ਦੇ ਕੰਟਰੋਲਿੰਗ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਕੰਮ ਕਰਦੇ ਅਧਿਕਾਰੀ / ਕਰਮਚਾਰੀਆਂ ਦਾ ਕੋਵਿਡ ਟੈਸਟ ਕਰਵਾਉਣ ਨੂੰ ਯਕੀਨੀ ਬਣਾਉਣ ਅਤੇ ਜਿਸ ਵਿਭਾਗ ਚ 50 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਉਨ੍ਹਾਂ ਦੇ ਟੈਸਟ ਕਰਵਾਉਣ ਲਈ ਸਿਵਲ ਸਰਜਨ ਨਾਲ ਤਾਲਮੇਲ ਕਰਕੇ ਮੋਬਾਇਲ ਵੈਨ ਮੰਗਵਾਈ ਜਾਵੇ। ਕੋਰੋਨਾ ਵਾਇਰਸ ਦੇ ਮਰੀਜ਼ਾਂ ਸਬੰਧੀ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੋਵਿਡ-19 ਦੇ 57 ਮਰੀਜ਼ ਸਿਹਤਯਾਬ ਹੋਏ ਅਤੇ 104 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 01 ਮਰੀਜ਼ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 11 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 6 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਤੋਂ 1 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 86 ਕੇਸ ਸ਼ਾਮਲ ਹਨ ।
ਜ਼ਿਲ੍ਹੇ ਚ ਹੁਣ ਤੱਕ ਕੋਵਿਡ-19 ਦੇ ਪਾਜੇਟਿਵ ਕੇਸਾਂ ਦੀ ਕੁਲ ਗਿਣਤੀ 13678 ਅਤੇ ਠੀਕ ਹੋਏ ਮਰੀਜ਼ ਦੀ ਗਿਣਤੀ 12377 , ਐਕਟਿਵ ਕੇਸਾਂ ਦੀ 1046 ਐਕਟਿਵ ਕੇਸ ਹਨ ਅਤੇ 255 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।