ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫ਼ਿਰ ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਇੱਕ ਹੋਰ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 15 ਨਵੇਂ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 6 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 2 ਕੇਸ ਮਲੋਟ, 2 ਕੇਸ ਗਿੱਦੜਬਾਹਾ, 3 ਕੇਸ ਫੱਤਾਖੇੜਾ, 1 ਕੇਸ ਫੁੱਲੂ ਖੇੜਾ ਤੇ 1 ਕੇਸ ਪਿੰਡ ਬਾਦੀਆਂ ਨਾਲ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੱਜ 30 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 265 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 266 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 324 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2917 ਹੋ ਗਈ ਹੈ, ਜਿਸ ਵਿੱਚੋਂ 2693 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਵੇਲੇ 164 ਕੇਸ ਐਕਟਿਵ ਚੱਲ ਰਹੇ ਹਨ।
55 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਨਾਲ ਇੱਕ ਹੋਰ ਮੌਤ ਹੋ ਗਈ ਹੈ। ਮਿ੍ਰਤਕ ਔਰਤ ਮਲੋਟ ਦੀ ਨਿਵਾਸੀ ਸੀ, ਜਿਸਦੀ ਉਮਰ 55 ਸਾਲ ਸੀ, ਜੋ ਕੋਰੋਨਾ ਪਾਜੇਟਿਵ ਚੱਲ ਰਹੀ ਸੀ, ਜਿਸਦੀ ਅੱਜ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਅੱਜ ਹੋਈ ਮੌਤ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁੁਣ 60 ਹੋ ਗਈ ਹੈ।