ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ 24 ਜਣੇ ਕੋਰੋਨਾ ਪੀੜ੍ਹਤ ਪਾਏ ਗਏ ਹਨ। ਇਹ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੰਦਰੋਂ ਸਾਹਮਣੇ ਆਏ ਹਨ, ਜਦੋਂਕਿ 4 ਕੇਸ ਮਲੋਟ, 4 ਕੇਸ ਗਿੱਦੜਬਾਹਾ, 1 ਕੇਸ ਖ਼ਾਨੇ ਕੀ ਢਾਬ, 1 ਕੇਸ ਰੱਤਾ ਖੇੜਾ, 1 ਕੇਸ ਬੁੱਟਰ ਬਖ਼ੂਆ, 1 ਕੇਸ ਬਾਦਲ, 1 ਕੇਸ ਦਿਓਣ ਖੇੜਾ, 1 ਕੇਸ ਕਰਨੀਵਾਲਾ, 1 ਕੇਸ ਚੜ੍ਹੇਵਾਨ, 1 ਕੇਸ ਭਾਗੂ, 2 ਕੇਸ ਕਿੱਲਿਆਂਵਾਲੀ, 1 ਕੇਸ ਘੱਗਾ, 1 ਕੇਸ ਥੇਹੜੀ, 1 ਕੇਸ ਮਧੀਰ ਤੇ 1 ਕੇਸ ਕੋਟਭਾਈ ਨਾਲ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 7 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ।
ਅੱਜ 392 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 313 ਸੈਂਪਲ ਬਕਾਇਆ ਪਏ ਹਨ। ਜ਼ਿਲ੍ਹੇ ਭਰ ਅੰਦਰੋਂ ਅੱਜ 417 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3094 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 2884 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 146 ਕੇਸ ਸਰਗਰਮ ਚੱਲ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਹੁਣ ਤੱਕ 65 ਮੌਤਾਂ ਵੀ ਹੋ ਚੁੱਕੀਆਂ ਹਨ।