ਦੀਪਕ ਜੈਨ
ਜਗਰਾਉਂ, 24 ਅਕਤੂਬਰ 2020 - ਸਕੂਲਜ਼ ਐਸੋਸੀਏਸ਼ਨ ਨੇ ਜਗਰਾਉਂ ਇਲਾਕੇ ਦੇ ਸਾਰੇ ਹੀ ਸਕੂਲਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ 'ਤੇ ਜੋ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਸਕੂਲ ਖੁੱਲ੍ਹੇ ਹਨ, ਉਸ ਲਈ ਸਰਕਾਰੀ ਆਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਸੱਦਾ ਦਿੱਤਾ ਹੈ। ਜਿਸ ਵਿੱਚ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੈਇੱਛੁਕ ਆਧਾਰ 'ਤੇ ਅਤੇ ਮਾਪਿਆਂ ਦੀ ਰਜ਼ਾਮੰਦੀ ਦੇ ਹਸਤਾਖ਼ਰ ਸਹਿਤ ਪ੍ਰਮਾਣ ਪੱਤਰ ਲੈਣਾ ਜ਼ਰੂਰੀ ,ਸਕੂਲ ਵਿੱਚ ਵਿਦਿਆਰਥੀਆਂ ਦਾ ਮਾਸਕ ਪਾਉਣਾ, ਦੋ ਮੀਟਰ ਦੀ ਦੂਰੀ ਬਣਾਈ ਰੱਖਣਾ, ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਆਦਿ ਦਾ ਆਦਾਨ ਪ੍ਰਦਾਨ ਨਾ ਕਰਨ ਦੇਣਾ ਅਤੇ ਵਿਦਿਆਰਥੀਆਂ ਦਾ ਅਲਕੋਹਲ ਅਧਾਰਤ ਸੈਨੀਟਾਈਜ਼ਰ ਲਿਆਉਣਾ ਯਕੀਨੀ ਬਣਾਇਆ ਜਾਵੇ। ਸਕੂਲ ਵੱਲੋਂ ਵੀ ਸ਼੍ਰੇਣੀ ਕਮਰਿਆਂ ਨੂੰ ਸੈਨੀਟਾਈਜ਼ ਕਰਨ ਦੇ ਨਾਲ ਨਾਲ ਸਾਫ਼ ਸਫ਼ਾਈ ਦਾ ਧਿਆਨ ਰੱਖਣਾ, ਸਮੇਂ ਸਮੇਂ ਬੱਚਿਆਂ ਦਾ ਆਕਸੀਮੀਟਰ ਨਾਲ ਚੈੱਕਅਪ ਅਤੇ ਅਲਕੋਹਲ ਅਧਾਰਤ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ। ਭਾਵੇਂ ਸਾਰੇ ਹੀ ਸਕੂਲ ਇਨ੍ਹਾਂ ਗੱਲਾਂ ਵੱਲ ਪਹਿਲਾਂ ਹੀ ਧਿਆਨ ਦੇ ਰਹੇ ਹਨ ਫਿਰ ਵੀ ਜਗਰਾਉਂ ਸਕੂਲਜ਼ ਐਸੋਸੀਏਸ਼ਨ ਵੱਲੋਂ ਸਾਰੇ ਹੀ ਸਕੂਲ ਮੁੱਖੀਆਂ ਨੂੰ ਅਪੀਲ ਹੈ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਹਿਤ ਸਰਕਾਰੀ ਦਿਸ਼ਾ ਨਿਰਦੇਸ਼ਾਂ ਦਾ ਇੰਨ-ਬਿੰਨ ਪਾਲਣ ਕਰਨ।