ਪੰਜਾਬ ਸਰਕਾਰ ਵੱਲੋਂ ਕੋਵਿਡ ਕੇਅਰ ਸੈਂਟਰ ਬੰਦ ਕਰਨ ਦਾ ਫ਼ੈਸਲਾ
ਚੰਡੀਗੜ੍ਹ, 5 ਅਕਤੂਬਰ , 2020:ਪੰਜਾਬ ਸਰਕਾਰ ਨੇ ਹਸਪਤਾਲਾਂ ਤੋਂ ਬਾਹਰ ਬਣਾਏ ਸਾਰੇ ਕੋਵਿਡ ਕੇਅਰ ਸੈਂਟਰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ . ਸਿਹਤ ਮਹਿਕਮੇ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਇਨ੍ਹਾਂ ਸੈਂਟਰਾਂ ਦੇ ਸਾਰੇ ਕਰੋਨਾ ਮਰੀਜ਼ਾਂ ਨੂੰ ਲੈਵਲ -2 ਦੇ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕਰ ਦਿੱਤਾ ਜਾਵੇ .ਇਨ੍ਹਾਂ ਸੈਂਟਰਾਂ ਨੂੰ ਅੱਜ ਤੋਂ ਹੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ .
ਸੈਕਟਰੀ ਸਿਹਤ ਵੱਲੋਂ ਜਾਰੀ ਕੀਤੀ ਹਦਾਇਤ ਮੁਤਾਬਿਕ ਇਨ੍ਹਾਂ ਸੈਂਟਰਾਂ ਲਈ ਅਰਜ਼ੀ ਤੌਰ ਤੇ ਲਾਇਆ ਵਲੰਟੀਅਰਜ਼ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣ .
ਜਦੋਂ ਇਸ ਬਾਰੇ ਪ੍ਰਿੰਸੀਪਲ ਸੈਕਟਰੀ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਹੁਸਨ ਲਾਲ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਘੱਟ ਹੋ ਜਾਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ . ਉਨ੍ਹਾਂ ਦੱਸਿਆ ਕਿ ਕੀ ਕੋਰੋਨਾ ਮਰੀਜ਼ਾਂ ਨੂੰ ਹੋਮ ਆਇਸੋਲੇਸ਼ਨ ਦੀ ਸਹੂਲਤ ਦਾ ਪ੍ਰਬੰਧ ਕੀਤੇ ਜਾਣ ਅਤੇ ਕੋਰੋਨਾ ਕਿੱਟਾਂ ਮੁਹੱਈਆ ਕੀਤੇ ਜਾਣ ਕਾਰਨ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਬਹੁਤ ਹੀ ਘੱਟ ਹੋ ਗਈ ਸੀ . ਇਸ ਲਈ ਇਸ ਮੌਕੇ ਇਨ੍ਹਾਂ ਦੀ ਲੋੜ ਨਹੀਂ ਸਮਝੀ ਗਈ ਕਿਉਂਕਿ ਜਿੰਨੀ ਗਿਣਤੀ ਇਸ ਵੇਲੇ ਹੈ ਉਨ੍ਹਾਂ ਲਈ ਹਸਪਤਾਲਾਂ ਵਿਚ ਹੀ ਪ੍ਰਬੰਧ ਹੈ .
ਹੁਸਨ ਲਾਲ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦਾ ਸਾਜ਼ੋ ਸਮਾਨ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕੀਤਾ ਜਾਵੇਗਾ ਅਤੇ ਮੈਡੀਕਲ ਸਟਾਫ਼ ਵੀ ਹਸਪਤਾਲਾਂ ਵਿਚ ਡਿਊਟੀ ਦੇਵੇਗਾ .
ਚੇਤੇ ਰਹੇ ਕਿ ਇਹ ਕੋਵਿਡ ਕੇਂਦਰ ਪੰਜਾਬ ਦੇ ਲਗਭਗ ਸਾਰੇ ਜ਼ਿਲਿਆਂ ਵਿਚ ਹੀ ਬਣਾਏ ਗਏ ਸਨ .