ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ’ਚ ਆਏ ਦਿਨ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਰਹੀ ਹੈ। ਅੱਜ ਫ਼ਿਰ ਦੋ ਜਣਿਆਂ ਦੀ ਜਿੰਦਗੀ ਕੋਰੋਨਾ ਨੇ ਨਿਗਲ ਲਈ ਹੈ, ਜਦੋਂਕਿ 23 ਨਵੇਂ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ 3 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 8 ਕੇਸ ਮਲੋਟ, 1 ਕੇਸ ਗਿੱਦੜਬਾਹਾ, 3 ਕੇਸ ਬਾਦਲ, 1 ਕੇਸ ਰੱਥੜੀਆਂ, 1 ਕੇਸ ਜੰਡਵਾਲਾ, 2 ਕੇਸ ਦੋਦਾ, 1 ਕੇਸ ਹੁਸਨਰ, 1 ਕੇਸ ਫਤਿਹਪੁਰ ਮਨੀਆਂ, 1 ਕੇਸ ਕੋਟਭਾਈ ਤੇ 1 ਕੇਸ ਫੱਕਰਸਰ ਨਾਲ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 21 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 446 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 243 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 309 ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜੇਟਿਵ ਮਾਮਲਿਆਂ ਦਾ ਅੰਕੜਾ 2791 ਹੋ ਗਿਆ ਹੈ, ਜਿਸ ਵਿੱਚੋਂ 2322 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਵੇਲੇ 411 ਕੇਸ ਐਕਟਿਵ ਚੱਲ ਰਹੇ ਹਨ।
ਦੋ ਹੋਰ ਜਿੰਦਗੀਆਂ ਨਿਗਲ ਗਿਆ ਕੋਰੋਨਾ
ਕੋਰੋਨਾ ਕਰਕੇ ਅੱਜ ਫ਼ਿਰ ਜ਼ਿਲ੍ਹੇ ਅੰਦਰ ਦੋ ਹੋਰ ਮੌਤਾਂ ਹੋ ਗਈਆਂ ਹਨ। ਮਿ੍ਰਤਕ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੇ ਪਿੰਡ ਫਕਰਸਰ ਨਾਲ ਸਬੰਧਿਤ ਸਨ। ਫਕਰਸਰ ਤੋਂ ਮਿ੍ਰਤਕ ਦੀ ਉਮਰ 17 ਸਾਲ ਸੀ, ਜਿਸਨੂੰ ਫਰੀਦਕੋਟ ਵਿਖੇ ਦਾਖ਼ਲ ਕੀਤਾ ਗਿਆ ਸੀ, ਜਿਸਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਦੂਜਾ ਮਿ੍ਰਤਕ ਸ੍ਰੀ ਮੁਕਤਸਰ ਸਾਹਿਬ ਤੋਂ 82 ਸਾਲਾ ਬਜ਼ੁਰਗ ਸੀ, ਜੋ ਫਰੀਦਕੋਟ ਵਿਖੇ ਦਾਖ਼ਲ ਸੀ, ਜਿਸਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਪਹਿਲਾਂ ਹੀ ਕੋਰੋਨਾ ਪਾਜ਼ੀਟਿਵ ਚੱਲ ਰਹੇ ਸਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ ਹੈ।