ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਨਾਲ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 29 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 5 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 4 ਕੇਸ ਮਲੋਟ, 7 ਕੇਸ ਗਿੱਦੜਬਾਹਾ, 3 ਕੇਸ ਬੁਰਜ਼ ਸਿੱਧਵਾਂ, 1 ਕੇਸ ਘੁਮਿਆਰਾ ਖੇੜਾ, 1 ਕੇਸ ਬੁੱਟਰ ਬਖੂਆ, 1 ਕੇਸ ਕੋਟਭਾਈ, 2 ਕੇਸ ਮਿੱਠੜੀ, 1 ਕੇਸ ਭਲਾਈਆਣਾ, 1 ਕੇਸ ਸਾਉਂਕੇ, 1 ਕੇਸ ਮੱਲਣ, 1 ਕੇਸ ਦਾਨੇਵਾਲਾ ਤੇ 1 ਕੇਸ ਧਿਗਾਣਾ ਨਾਲ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 26 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 363 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 405 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 465 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2768 ਹੋ ਗਿਆ ਹੈ, ਜਿਸ ਵਿੱਚੋਂ 2301 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 411 ਕੇਸ ਐਕਟਿਵ ਚੱਲ ਰਹੇ ਹਨ।
ਦੋ ਵਿਅਕਤੀਆਂ ਦੀ ਕੋਰੋਨਾ ਨਾਲ ਮੌਤ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲੇ ਮ੍ਰਿਤਕ ਦੀ ਉਮਰ 88 ਸਾਲ ਸੀ, ਜੋ ਜ਼ਿਲ੍ਹੇ ਦੇ ਪਿੰਡ ਧਿਗਾਣਾ ਨਾਲ ਸਬੰਧਿਤ ਸੀ, ਜਿਸਨੂੰ ਬਲੱਡ ਪ੍ਰੈਸ਼ਰ ਤੇ ਸਾਹ ਲੈਣ ’ਚ ਤਕਲੀਫ਼ ਸੀ, ਜੋ ਫਰੀਦਕੋਟ ਦੇ ਇੱਕ ਹਸਪਤਾਲ ਵਿਖੇ ਜੇਰੇ ਇਲਾਜ ਸੀ, ਜਿੱਥੇ ਉਸਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਸੀ। ਅੱਜ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਦੂਜਾ ਮ੍ਰਿਤਕ 53 ਸਾਲ, ਜੋ ਕਿ ਪਿੰਡ ਦਾਨੇਵਾਲਾ ਤੋਂ ਸੀ, ਸਾਹ ਦੇ ਰੋਗ ਤੋਂ ਪੀੜ੍ਹਤ ਸੀ ਤੇ ਬਠਿੰਡਾ ਵਿਖੇ ਦਾਖ਼ਲ ਸੀ, ਜਿਸਦੀ ਅੱਜ ਮੌਤ ਹੋ ਗਈ ਹੈ। ਇਹ ਮਿ੍ਰਤਕ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਚੱਲ ਰਿਹਾ ਸੀ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋ ਗਈ ਹੈ।