ਅਸ਼ੋਕ ਵਰਮਾ
ਬਠਿੰਡਾ, 14 ਅਕਤੂਬਰ 2020 - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਸੀਨੀਅਰ ਮੈਡੀਕਲ ਅਫਸਰ ਸੰਗਤ ਡਾ ਸਰਬਜੀਤ ਸਿੰਘ ਦੀ ਅਗਵਾਈ ਵਿਚ ਕਮਿਊਨਿਟੀ ਹੈਲਥ ਸੈਂਟਰ, ਸੰਗਤ ਵਿਖੇ ਕੋਵਿਡ-19 ਸਬੰਧੀ ਲੋਕ ਸਾਂਝੇਦਾਰੀ -ਮਿਸ਼ਨ ਫਤਹਿ ਪ੍ਰਾਜੈਕਟ ਤਹਿਤ ਲੋਕਾਂ ਦੇ ਸਮਾਜਿਕ ਸਹਿਯੋਗ ਲਈ ਬਲਾਕ ਪੱਧਰੀ ਕਮੇਟੀ ਬਣਾਈ ਗਈ। ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ ‘ਤੇ ਅਜਿਹੀਆਂ ਕਮੇਟੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਕੋਵਿਡ-19 ਸਬੰਧੀ ਫੈਲੇ ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਲੋਕਾਂ ਤੱਕ ਸਿਹਤ ਸਿੱਖਿਆ ਪਹੁੰਚਾਈ ਜਾਵੇਗੀ ਤਾਂ ਕਿ ਲੋਕ ਵੱਧ ਤੋਂ ਵੱਧ ਟੈਸਟਿੰਗ ਲਈ ਜਾਂ ਬਿਮਾਰੀ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਹੋ ਕੇ ਆਪਣਾ ਸਮੇਂ ਸਿਰ ਇਲਾਜ ਕਰਵਾ ਸਕਣ। ਇਸ ਮੌਕੇ ਕੋਵਿਡ-19 ਪੈਨਡੈਮਿਕ ਨੂੰ ਸੁਚਾਰੂ ਢੰਗ ਨਾਲ ਨਜਿੱਠਣ ਲਈ ਇਸ ਉਪਰਾਲੇ ਤਹਿਤ ਕਮੇਟੀ ਮੈਂਬਰਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸ਼ੱਕੀ ਮਰੀਜ਼ਾਂ ਦੇ ਕੋਵਿਡ ਟੈਸਟ ਲਈ ਸਬ ਸੈਂਟਰ ਪੱਧਰ ਤੇ ਵੀ ਸੁਵਿਧਾ ਸ਼ੁਰੂ ਹੋ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਮਿਲ ਕੇ ਲੜੀ ਨੂੰ ਤੋੜਣਾ ਹੋਵੇਗਾ ਉਸ ਲਈ ਮਾਸਕ ਆਦਿ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਸ਼ੱਕੀ ਮਰੀਜਾਂ ਨੂੰ ਜਾਂਚ ਕਰਵਾਉਣੀ ਹੋਵੇਗੀ।