ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫ਼ਿਰ ਕੋਰੋਨਾ ਪੀੜ੍ਹਤ ਚੱਲ ਰਹੇ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 18 ਨਵੇਂ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 3 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ ਮਲੋਟ ਤੋਂ 6, ਗਿੱਦੜਬਾਹਾ ਤੋਂ 1, ਕਿੱਲਿਆਂਵਾਲੀ ਤੋਂ 2, ਪਿੰਡ ਸਹਿਣਾ ਖੇੜਾ ਤੋਂ 1, ਲੰਬੀ ਤੋਂ 1, ਬਰੀਵਾਲਾ ਤੋਂ 1, ਪਿੰਡ ਦੌਲਾ ਤੋਂ 1, ਸੰਗਰਾਣਾ ਤੋਂ 1 ਅਤੇ ਮੱਲਣ ਤੋਂ 1 ਕੇਸ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 14 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 542 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 549 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 408 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2648 ਹੋ ਗਈ ਹੈ, ਜਿਸ ਵਿੱਚੋਂ 2104 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 495 ਕੇਸ ਐਕਟਿਵ ਹਨ।
ਬਾਕਸ
ਕੋਰੋਨਾ ਨਾਲ ਪੀੜ੍ਹਤ ਚੱਲ ਰਹੀ ਔਰਤ ਤੇ ਵਿਅਕਤੀ ਦੀ ਮੌਤ
ਕੋਰੋਨਾ ਨਾਲ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਲਗਾਤਾਰ ਜਾਰੀ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਦੋ ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਇੱਕ ਔਰਤ ਤੇ ਵਿਅਕਤੀ ਸਾਮਲ ਹਨ। ਪਹਿਲੀ ਮਿ੍ਰਤਕ ਔਰਤ ਜਿਸਦੀ ਉਮਰ 53 ਸਾਲ ਹੈ, ਪਿੰਡ ਸੰਗਰਾਣਾ ਤੋਂ ਸਬੰਧਿਤ ਸੀ, ਜਿਸਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ ਤੇ ਉਸਨੂੰ ਮੋਗਾ ਦੇ ਇੱਕ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ, ਜਿੱਥੇ ਅੱਜ ਉਸਦੀ ਮੌਤ ਹੋ ਗਈ ਹੈ। ਦੂਜਾ ਮਿ੍ਰਤਕ ਜ਼ਿਲ੍ਹੇ ਦੇ ਪਿੰਡ ਮੱਲਣ ਨਾਲ ਸਬੰਧਿਤ ਸੀ, ਜਿਸਦੀ ਉਮਰ ਕਰੀਬ 65 ਸਾਲ ਸੀ, ਜਿਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਜਿਸਦੀ ਅੱਜ ਮੌਤ ਹੋ ਗਈ ਹੈ। ਉਕਤ ਦੋਵੇਂ ਮਿ੍ਰਤਕ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਚੱਲ ਰਹੇ ਸਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ।