ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆ) 31 ਅਕਤੂਬਰ 2020 - ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਬਹੁਤ ਵੱਡੇ ਪੱਧਰ ਤੇ ਫੈਲ ਰਹੀ ਹੈ। ਸਰਕਾਰ ਵੱਲੋਂ ਇਸਨੂੰ ਕਾਬੂ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਫੇਲ ਸਾਬਿਤ ਹੋ ਰਹੀਆਂ ਹਨ। ਅਜੇ ਕੁਝ ਕੁ ਹਫ਼ਤੇ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਨੇ ਕੋਵਿਡ -19 ਦੇ 8 ਮਿਲੀਅਨ ਕੇਸਾਂ ਨੂੰ ਦਰਜ਼ ਕੀਤਾ ਸੀ ਪਰ ਹੁਣ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਕੇਸਾਂ ਵਿੱਚ ਵਾਧਾ ਹੋਣ ਦੇ ਬਾਅਦ, ਇਹ ਗਿਣਤੀ ਲਗਭੱਗ 9 ਮਿਲੀਅਨ ਹੋ ਗਈ ਹੈ।
ਜੌਨਸ ਹੌਪਕਿਨਜ਼ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਵਾਇਰਸ ਹੁਣ ਇੰਨੀ ਤੇਜ਼ ਫੈਲ ਰਿਹਾ ਹੈ ਕਿ ਵੀਰਵਾਰ ਨੂੰ ਪਹਿਲੀ ਵਾਰ, ਹਰ ਸਕਿੰਟ ਨਾਲੋਂ ਤੇਜ਼ੀ ਨਾਲ ਨਵੇਂ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਸੀ। ਸੰਯੁਕਤ ਰਾਜ ਨੇ 88,521 ਨਵੇਂ ਕੋਰੋਨਾਂ ਵਾਇਰਸ ਮਾਮਲੇ ਦਰਜ ਕੀਤੇ, ਜੋ ਇਕ ਦਿਨ ਦਾ ਰਿਕਾਰਡ ਹੈ। ਜਿਸ ਨੇ ਹਰ 0.976 ਸਕਿੰਟ ਵਿਚ ਇਕ ਨਵੇਂ ਕੋਰੋਨਾਂ ਵਾਇਰਸ ਕੇਸ ਦੀ ਬਰਾਬਰੀ ਕੀਤੀ। ਇਸਦੇ ਨਾਲ ਹੀ ਵੀਰਵਾਰ ਦੇ ਅੰਕੜਿਆਂ ਦੇ ਨਾਲ, ਸੰਯੁਕਤ ਰਾਜ ਨੇ ਇੱਕ ਹਫ਼ਤੇ ਵਿੱਚ 536,131 ਨਵੇਂ ਕੇਸਾਂ ਦਾ ਰਿਕਾਰਡ ਬਣਾਇਆ ਹੈ।
ਦੂਜਾ ਸਭ ਤੋਂ ਉੱਚਾ ਰਿਕਾਰਡ ਬੁੱਧਵਾਰ ਨੂੰ ਖਤਮ ਹੋਏ ਹਫਤੇ ਵਿੱਚ ਸਥਾਪਤ ਕੀਤਾ ਗਿਆ ਸੀ। ਯੂਨੀਵਰਸਿਟੀ ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਸ ਹਫ਼ਤੇ 47 ਰਾਜਾਂ ਵਿਚ ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 41 ਰਾਜਾਂ ਵਿੱਚ ਸਕਾਰਾਤਮਕ ਟੈਸਟ ਕਰਨ ਵਾਲੇ ਲੋਕਾਂ ਦੀ ਦਰ ਵੀ ਪਹਿਲੇ ਹਫਤੇ ਨਾਲੋਂ ਜ਼ਿਆਦਾ ਸੀ।
ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੱਜ ਦੇ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਵਿਚ 8.9 ਮਿਲੀਅਨ ਤੋਂ ਵੱਧ ਮਾਮਲੇ ਦਰਜ਼ ਹੋਏ ਹਨ ਅਤੇ 228,000 ਤੋਂ ਵੱਧ ਮੌਤਾਂ ਦੀ ਵੀ ਰਿਪੋਰਟ ਹੈ। ਇਸਦੇ ਨਾਲ ਹੀ ਸੰਸਾਰ ਪੱਧਰ ਤੇ 45 ਮਿਲੀਅਨ ਮਾਮਲੇ ਅਤੇ 1.18 ਮਿਲੀਅਨ ਮੌਤਾਂ ਦਰਜ਼ ਹੋਈਆਂ ਹਨ।ਦੇਸ਼ ਦੇ ਕਈ ਪ੍ਰਦੇਸ਼ ਲਾਗ ਦੇ ਵਧ ਰਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਜਦਕਿ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।