-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 6 ਅਕਤੂਬਰ, 2020: - ਨਿਊਜ਼ੀਲੈਂਡ 'ਚ ਅੱਜ ਕਰੋਨਾ ਕੇਸਾਂ ਦੇ ਵਿਚ 3 ਹੋਰ ਦਾ ਵਾਧਾ ਹੋ ਗਿਆ। ਇਹ ਤਿੰਨੇ ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ ਅਤੇ ਇਸ ਵੇਲੇ ਆਈਸੋਲੇਸ਼ਨ ਵਿਚ ਹਨ। ਨਵੇਂ ਕੇਸਾਂ ਵਿਚੋਂ 1 ਇੰਗਲੈਂਡ ਅਤੇ 2 ਭਾਰਤ ਤੋਂ ਆਏ ਵਿਅਕਤੀ ਨਾਲ ਸਬੰਧਿਤ ਹਨ। ਕਮਿਊਨਿਟੀ ਦੇ ਵਿਚੋਂ ਕੋਈ ਕਰੋਨਾ ਕੇਸ ਹੋਰ ਸ਼ਾਮਿਲ ਨਹੀਂ ਹੋਇਆ। ਏਅਰ ਇੰਡੀਆ ਦੀ 26 ਸਤੰਬਰ ਦੀ ਫਲਾਈਟ ਦੇ ਵਿਚੋਂ ਪਹਿਲਾਂ ਵੀ 10 ਕੇਸ ਕਰੋਨਾ ਪਾਜੇਟਿਵ ਪਾਏ ਗਏ ਸਨ ਅਤੇ ਅੱਜ ਇਸੇ ਫਲਾਈਟ ਦਾ ਇਕ ਹੋਰ ਕੇਸ ਸਾਹਮਣੇ ਆਇਆ ਹੈ। ਇੰਗਲੈਂਡ ਤੋਂ ਆਇਆ ਵਿਅਕਤੀ ਪਹਿਲਾਂ ਕਤਰ ਗਿਆ ਅਤੇ ਫਿਰ ਆਸਟਰੇਲੀਆ ਦੇ ਰਸਤੇ ਨਿਊਜ਼ੀਲੈਂਡ ਆਇਆ ਸੀ। ਤੀਜਾ ਕੇਸ 4 ਅਕਤੂਬਰ ਨੂੰ ਭਾਰਤ ਤੋਂ ਇੰਗਲੈਂਡ ਅਤੇ ਕਤਰ ਦੇ ਰਸਤੇ ਨਿਊਜ਼ੀਲੈਂਡ ਆਏ ਵਿਅਕਤੀ ਦਾ ਹੈ। ਇੱਥੇ ਪਹੁੰਚਣ 'ਤੇ ਉਸ ਦਾ ਟੈੱਸਟ ਕੀਤਾ ਗਿਆ ਸੀ ਕਿਉਂਕਿ ਉਸ ਦੇ ਉਡਾਣ 'ਚੋਂ ਲੱਛਣ ਵਿਕਸਤ ਹੋ ਗਏ ਸਨ।
ਨਿਊਜ਼ੀਲੈਂਡ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 43 ਹੈ, ਜਿਸ ਵਿੱਚ 6 ਕੇਸ ਕਮਿਊਨਿਟੀ ਅਤੇ 37 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1858 ਕੇਸ ਹਨ। ਜਿਨ੍ਹਾਂ ਵਿੱਚੋਂ 1,502 ਪੁਸ਼ਟੀ ਕੀਤੇ ਤੇ 356 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1790 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ 1 ਵਿਅਕਤੀ ਮਿਡਲਮੋਰ ਹਸਪਤਾਲ ਦੇ ਵਾਰਡ ਵਿੱਚ ਦਾਖ਼ਲ ਹੈ। ਦੇਸ਼ 'ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੈ।
ਭਾਰਤ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਉਥੇ ਹੁਣ ਤੱਕ 69 ਲੱਖ ਲੋਕ ਕਰੋਨਾ ਦੇ ਸੰਤਾਪ ਵਿਚੋਂ ਗੁਜਰ ਚੁੱਕੇ ਹਨ ਅਤੇ ਇਕ ਲੱਖ ਤੋਂ ਉਪਰ ਆਪਣੀ ਜਾਨ ਗਵਾ ਚੁੱਕੇ ਹਨ।