ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 13 ਨਵੰਬਰ 2020 - ਕੈਲੀਫੋਰਨੀਆਂ ਵਿਚ ਕੋਰੋਨਾਂ ਵਾਇਰਸ ਦੇ ਸੰਕਰਮਣ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਜ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਵਧ ਰਹੇ ਕੇਸਾਂ ਕਰਕੇ ਛੁੱਟੀਆਂ ਦੌਰਾਨ ਯਾਤਰਾ ਕਰਨ ਵਾਲਿਆਂ ਨੂੰ 14 ਦਿਨਾਂ ਲਈ ਵੱਖ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਕੇਸਾਂ ਦੀਆਂ ਦਰਾਂ ਵਿਚ ਵਾਧਾ ਜਾਰੀ ਰਿਹਾ ਤਾਂ ਹੋਰ ਸਖਤ ਪਾਬੰਦੀਆਂ ਲਾਜ਼ਮੀ ਹੋ ਸਕਦੀਆਂ ਹਨ। ਰਾਜ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਵਾਇਰਸ ਦਾ ਪ੍ਰਭਾਵ ਜ਼ਿਆਦਾ ਹੈ ਉੱਥੇ ਵੀ ਸਖਤ ਨਿਯਮ ਜ਼ਾਰੀ ਹੋ ਸਕਦੇ ਹਨ।
ਕੋਰੋਨਾ ਦੀ ਲਾਗ ਤੋਂ ਜਿਆਦਾ ਪ੍ਰਭਾਵਿਤ ਖੇਤਰਾਂ ਵਿੱਚ ਲਾਸ ਏਂਜਲਸ ਵੀ ਮੋਹਰੀ ਹੈ ਜਿਸ ਕਰਕੇ ਇਸ ਕਾਉਂਟੀ ਵਿੱਚ COVID-19 ਮਹਾਂਮਾਰੀ ਦੀਆਂ ਪਾਬੰਦੀਆਂ ਵੱਧ ਹੋ ਸਕਦੀਆਂ ਹਨ। ਪਿਛਲੇ ਮਹੀਨੇ ਵਿੱਚ ਕੈਲੀਫੋਰਨੀਆਂ ਦੇ ਹਫਤਾਵਾਰੀ ਕੇਸਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਇਸ ਸਟੇਟ ਵਿਚ ਪਿਛਲੇ ਹਫਤੇ ਦੌਰਾਨ ਔਸਤਨ 6,300 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਮਹੀਨੇ ਪਹਿਲਾਂ ਤਕਰੀਬਨ 3,200 ਸੀ। ਕੋਵਿਡ -19 ਕਰਕੇ ਹਸਪਤਾਲਾਂ ਵਿੱਚ ਪਿਛਲੇ ਮਹੀਨੇ 50% ਦਾ ਵਾਧਾ ਹੋਇਆ ਹੈ ਅਤੇ ਕੋਰਨਾਂ ਵਾਇਰਸ ਸਕਾਰਾਤਮਕ ਟੈਸਟਾਂ ਦੀ ਦਰ ਵੀ 4.4% ਵਧੀ ਹੈ। ਕੈਲੀਫੋਰਨੀਆਂ ਨੇ ਵੀਰਵਾਰ ਨੂੰ ਇਕ ਮਿਲੀਅਨ ਕੇਸਾਂ ਦੀ ਪੁਸ਼ਟੀ ਕੀਤੀ, ਜੋ ਕਿ ਚਿੰਤਾਜਨਕ ਹੈ।
ਇਸੇ ਦੌਰਾਨ ਰਾਜ ਦੀ ਐਲ.ਏ. ਕਾਉਂਟੀ ਦੇ ਪਬਲਿਕ ਹੈਲਥ ਡਾਇਰੈਕਟਰ ਬਾਰਬਰਾ ਫੇਰਰ ਨੇ ਵੀਰਵਾਰ ਨੂੰ ਕਿਹਾ ਕਿ ਜੇ ਲਾਗ ਦਾ ਇਹ ਵਾਧਾ ਜਾਰੀ ਰਿਹਾ, ਤਾਂ ਵਾਇਰਸ ਨੂੰ ਵਾਪਸ ਕੰਟਰੋਲ ਵਿਚ ਲਿਆਉਣ ਲਈ “ਵਾਧੂ ਕਾਰਵਾਈਆਂ” ਜ਼ਰੂਰੀ ਹੋ ਸਕਦੀਆਂ ਹਨ।ਇਸ ਮਾਮਲੇ ਵਿੱਚ ਐਲ.ਏ. ਕਾਉਂਟੀ ਅਪੀਲ ਕਰ ਰਿਹਾ ਹੈ ਕਿ ਵਸਨੀਕ ਛੁੱਟੀਆਂ ਲਈ ਰਾਜ ਤੋਂ ਬਾਹਰ ਯਾਤਰਾ ਨਾ ਕਰਨ ਅਤੇ ਜੇ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਹ 14 ਦਿਨਾਂ ਲਈ ਇਕਾਂਤਵਾਸ ਹੋ ਸਕਦੇ ਹਨ। ਇਹ ਕਾਉਂਟੀ, ਸਮੁੱਚੇ ਤੌਰ 'ਤੇ ਕੈਲੀਫੋਰਨੀਆਂ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਵਿਚ ਇਕ ਨਵਾਂ ਵਾਧਾ ਵੇਖ ਰਿਹਾ ਹੈ ਜੋ ਕਿ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖਾਉਂਦਾ। 3 ਨਵੰਬਰ ਤੱਕ, ਕਾਉਂਟੀ ਵਿੱਚ ਰੋਜ਼ਾਨਾ ਔਸਤਨ ਮਾਮਲਿਆਂ ਦੀ ਗਿਣਤੀ 1,464 ਸੀ ਜੋ ਕਿ ਇੱਕ ਮਹੀਨੇ ਪਹਿਲਾਂ 988 ਸੀ ਜਦਕਿ ਵੀਰਵਾਰ ਨੂੰ ਵੀ 2,533 ਨਵੇਂ ਕੇਸ ਦਰਜ ਕੀਤੇ ਗਏ ਹਨ।