ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਸਲਾ ਜਮ੍ਹਾਂ ਕਰਵਾਉਣ ਸਬੰਧੀ ਹੁਕਮ ਜਾਰੀ
- ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ ਵਿਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ-ਸੁਖਪ੍ਰੀਤ ਸਿੰਘ ਸਿੱਧੂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 07 ਜੂਨ 2022, ਲੋਕ ਸਭਾ ਹਲਕਾ ਸੰਗਰੂਰ-12 ਦੀ ਜ਼ਿਮਨੀ ਚੋਣ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ:02) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮਾਲੇਰਕੋਟਲਾ ਦੇ ਲਾਇਸੰਸੀ ਆਪਣਾ ਅਸਲਾ ਲੋਕਲ ਥਾਣੇ ਵਿੱਚ ਜਾਂ ਲਾਇਸੰਸ ਸ਼ੁਦਾ ਅਸਲਾ ਡੀਲਰਾਂ ਪਾਸ ਤੁਰੰਤ ਜਮ੍ਹਾ ਕਰਵਾਉਣ ।
ਹੁਕਮਾਂ ਅਨੁਸਾਰ ਲੋਕ ਸਭਾ ਹਲਕਾ-12 ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕ ਹਿੱਤ ਵਿਚ ਸ਼ਾਂਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਤੇ ਕਿਸੇ ਅਣਹੋਣੀ ਘਟਨਾ ਨੂੰ ਹੋਣ ਤੋਂ ਰੋਕਣ ਲਈ ਅਸਲਾ ਧਾਰਕਾਂ ਪਾਸੋਂ ਅਸਲਾ ਜਮ੍ਹਾ ਕਰਾਉਣਾ ਜ਼ਰੂਰੀ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ।
ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ ਵਿਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ।ਇਹ ਹੁਕਮ 30 ਜੂਨ 2022 ਤੱਕ ਲਾਗੂ ਰਹਿਣਗੇ।