ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਦਾ ਉਦੇਸ਼ ਵੋਟਿੰਗ ਨੂੰ ਉਤਸ਼ਾਹਿਤ ਕਰਨਾ : ਸੰਯਮ ਅਗਰਵਾਲ
- ਮਲੇਰਕੋਟਲਾ ਵਿੱਚ 05 ਮਾਡਲ, 01 ਵੁਮੈਨ ਮੈਨੇਜਡ ਅਤੇ 01 ਦਿਵਿਆਂਗ ਪੋਲਿੰਗ ਸਟੇਸ਼ਨ ਸਥਾਪਿਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 23 ਜੂਨ :2022 - ਜ਼ਿਲ੍ਹਾ ਚੋਣ ਅਫ਼ਸਰ ਲੋਕ ਸਭਾ ਹਲਕਾ 12 ਸੈਗਮੈਂਟ 105 ਮਾਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਅੱਜ ਇੱਥੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਸਥਾਪਤ ਮਾਡਲ ਪੋਲਿੰਗ ਸਟੇਸ਼ਨ ਦਾ ਦੌਰਾ ਕਰਦਿਆਂ ਉੱਥੇ ਵੋਟਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਮਾ ਮੀਨਾ, ਸਹਾਇਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਸਿੰਘ,ਡੀ.ਐਸ.ਪੀ. ਸ੍ਰੀ ਮਨਦੀਪ ਸਿੰਘ ਸੰਧੂ ਤੋਂ ਇਲਾਵਾ ਹੋਰ ਉਹ ਅਧਿਕਾਰੀ ਵੀ ਮੌਜੂਦ ਸਨ । ਇਸ ਉਪਰੰਤ ਉਨ੍ਹਾਂ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬਲਾਕ-2) ਮਾਲੇਰਕੋਟਲਾ ,ਸਰਕਾਰੀ ਬੀ.ਐਡ ਕਾਲਜ ਮਾਲੇਰਕੋਟਲਾ ਵਿਖੇ ਸਥਾਪਿਤ ਬੂਥਾ ਦਾ ਦੌਰਾ ਵੀ ਕੀਤਾ ।
ਰੰਗ-ਬਿਰੰਗੇ ਗ਼ੁਬਾਰਿਆਂ, ਸਲੋਗਨ ਅਤੇ ਹੋਰ ਸਮਗਰੀ ਨਾਲ ਸਜਾਏ ਗਏ ਮਾਡਲ ਬੂਥ ਵਿਖੇ ਵੋਟ ਪਾਉਣ ਆਏ ਵੋਟਰਾਂ ਦਾ ਸਵਾਗਤ ਕੀਤਾ ਗਿਆ। ਵੋਟ ਪਾਉਣ ਵਾਲੇ ਵੋਟਰਾਂ ਨੂੰ ਵਿਸ਼ੇਸ਼ ਮਹਿਮਾਨ ਦਾ ਅਹਿਸਾਸ ਦਿਵਾਉਣ ਲਈ ਸਵਾਗਤੀ ਸਜਾਵਟੀ ਗੇਟ ਲਗਾਏ ਗਏ । ਮਾਡਲ ਪੋਲਿੰਗ ਬੂਥ ਵਿਖੇ ਸੈਲਫੀ ਸੈਲਫੀ ਕਾਰਨਰ ਨੌਜਵਾਨ ਵੋਟਰਾਂ ਵਿੱਚ ਖਿੱਚ ਦਾ ਕੇਂਦਰ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕੇ ਵਿੱਚ 05 ਮਾਡਲ, 01 ਵੁਮੈਨ ਮੈਨੇਜਡ ਅਤੇ 01 ਦਿਵਿਆਂਗ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਦਾ ਉਦੇਸ਼ ਵੋਟਿੰਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੰਤਵ ਲਈ ਮਾਡਲ ਪੋਲਿੰਗ ਬੂਥ ਵਿੱਚ ਉਡੀਕ ਘਰ, ਸਹਾਇਤਾ ਬੂਥ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪੀ.ਡਬਲਯੂ.ਡੀ. ਤੇ ਬਜ਼ੁਰਗ ਵੋਟਰਾਂ ਲਈ ਵੀਲ ਚੇਅਰਾਂ, ਰੈੱਡ ਕਾਰਪੇਟ ਤੋਂ ਇਲਾਵਾ ਵੋਟਿੰਗ ਲਈ ਆਉਣ ਵਾਲੇ ਵੋਟਰਾਂ ਲਈ ਮੋਬਾਇਲ ਜਮ੍ਹਾ ਕਰਵਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤਾਂ ਜੋ ਵੋਟਰਾਂ ਦੇ ਵੋਟਿੰਗ ਦੇ ਅਨੁਭਵ ਨੂੰ ਸੁਖਾਵਾਂ ਬਣਾਇਆ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਥ ਨੰਬਰ 93 ਸਰਕਾਰੀ ਕਾਲਜ ਮਾਲੇਰਕੋਟਲਾ,ਬੂਥ ਨੰਬਰ 117 ਇਸਲਾਮੀਆ ਗਰਲਜ਼ ਕਾਲਜ ਕੇਲੋਂ ਗੇਟ ,ਬੂਥ ਨੰਬਰ 25 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ,ਬੂਥ ਨੰਬਰ 57 ਸਰਕਾਰ ਪ੍ਰਾਇਮਰੀ ਸਕੂਲ ਹਕੀਮਪੁਰਾ, ਬੂਥ ਨੰਬਰ 192 ਸਰਕਾਰੀ ਪ੍ਰਾਇਮਰੀ ਸਕੂਲ ਨੌਧਰਾਣੀ ਵਿਖੇ ਮਾਡਰਨ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ । ਕੇ.ਐਮ.ਆਰ.ਡੀ.ਜੈਨ ਗਰਲਜ਼ ਕਾਲਜ, ਮਾਲੇਰਕੋਟਲਾ ਬੂਥ ਨੰਬਰ 173 ਵਿਖੇ ਵੂਮੈਂਨ ਮੈਨੇਜਡ( ਪਿੰਕ ਬੂਥ)ਸਥਾਪਿਤ ਕੀਤਾ ਗਿਆ ਸੀ । ਉਨ੍ਹਾਂ ਹੋਰ ਦੱਸਿਆ ਕਿ ਮਾਲੇਰਕੋਟਲਾ ਵਿਖੇ ਦਿਵਿਆਂਗਜਨ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਅਤੇ ਉਨ੍ਹਾਂ ਦਾ ਲੋਕਤੰਤਰਿਕ ਪਰੰਪਰਾਵਾਂ ਵਿਚ ਸਹਿਯੋਗ ਲਈ 01 ਬੂਥ ਪੋਲਿੰਗ ਸਟੇਸ਼ਨ-134 ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਮੁਹੱਲਾ ਭੁਮਸੀ ਮਾਲੇਰਕੋਟਲਾ ਵਿਖੇ ਸਥਾਪਿਤ ਕੀਤਾ ਗਿਆ ।
ਵੋਟਰਾਂ ਵੱਲੋਂ ਸੁਪਰ ਮਾਡਲ ਪੋਲਿੰਗ ਬੂਥ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਗਿਆ।