← ਪਿਛੇ ਪਰਤੋ
ਗੁਰਦਾਸਪੁਰ, 14 ਅਗਸਤ 2019 - ਸ਼ਾਇਦ ਪੰਜਾਬ 'ਚ ਇਹ ਪਹਿਲੀ ਵਾਰ ਹੋਵੇ ਜਦੋਂ ਕਿਸੇ ਸੂਬੇ ਦੇ ਰਾਜਪਾਲ ਵੱਲੋਂ ਇੱਕ ਪੱਤਰਕਾਰ ਦੀ ਖ਼ਬਰ ਨੂੰ ਆਪਣੇ ਸੰਦੇਸ਼ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਰਾਜਪਾਲ ਪੰਜਾਬ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਆਪਣੇ 15 ਅਗਸਤ ਦੇ ਸੰਦੇਸ਼ ਵਿੱਚ ਬਾਬੂਸ਼ਾਹੀ ਵੱਲੋਂ ਪੋਸਟ ਕੀਤੀ ਗਈ ਖ਼ਬਰ ਦੇ ਹਵਾਲੇ ਨੂੰ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਇਹ ਖ਼ਬਰ ਬਾਬੂਸ਼ਾਹੀ ਵੱਲੋਂ ਹੀ ਨਸ਼ਰ ਕੀਤੀ ਗਈ ਸੀ . ਇਹ ਖ਼ਬਰ ਬਾਬੂਸ਼ਾਹੀ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪੱਤਰਕਾਰ ਲੋਕੇਸ਼ ਰਿਸ਼ੀ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨਿਰਮਾਣ ਸ਼ੁਰੂ ਹੋਣ ਮੌਕੇ ਲਿਖੀ ਗਈ ਸੀ ਜੋ ਡੇਰਾ ਬਾਬਾ ਨਾਨਕ ਦੇ ਕਿਸਾਨ ਲੱਖਾ ਸਿੰਘ ਨਾਲ ਸਬੰਧਿਤ ਸੀ, ਜਿਨ੍ਹਾਂ ਨੇ ਬਿਨਾ ਕਿਸੇ ਸ਼ਰਤ ਆਪਣੀ ਸਾਢੇ 16 ਏਕੜ ਖਰੀ ਜ਼ਮੀਨ ਕਰਤਾਰਪੁਰ ਕਾਰੀਡੋਰ ਲਈ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਸੀ ਜਦੋਂ ਕਿ ਬਾਕੀ ਕਿਸਾਨ ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਲਾ ਰਹੇ ਸਨ . ਰਾਜਪਾਲ ਵੱਲੋਂ ਅਜਿਹੀ ਖ਼ਬਰ ਨੂੰ ਆਪਣੇ ਸੰਦੇਸ਼ ਦਾ ਹਿੱਸਾ ਬਣਾਉਣ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ੍ਰੀ ਬਦਨੌਰ ਪੰਜਾਬ ਨੂੰ ਕਿੰਨੀ ਗੰਭੀਰਤਾ ਨਾਲ ਵਿਚਾਰਦੇ ਹਨ ਅਤੇ ਸੂਬੇ ਦੀ ਹਰ ਗਤੀਵਿਧੀ ਤੇ ਜ਼ਮੀਨੀ ਪੱਧਰ ਤੱਕ ਨਿਗ੍ਹਾ ਰੱਖਦੇ ਹਨ। ਰਾਜ ਭਵਨ ਦੀ ਪੀ.ਆਰ.ਓ ਸ੍ਰੀਮਤੀ ਸ਼ਿਖਾ ਮਹਿਰਾ ਨੇ ਉਕਤ ਖ਼ਬਰ ਦੀ ਤਸਦੀਕ ਕਰਦਿਆਂ ਦੱਸਿਆ ਕਿ ਰਾਜਪਾਲ ਪੰਜਾਬ ਸ੍ਰੀ ਵੀ.ਪੀ ਸਿੰਘ ਬਦਨੌਰ ਸੂਬੇ ਸਬੰਧੀ ਉਸਾਰੂ ਸੋਚ ਰੱਖਦੇ ਹਨ ਅਤੇ ਉਹ ਸੂਬੇ ਦੀ ਹਰੇਕ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਘਟਨਾ ਤੇ ਬਰੀਕੀ ਨਾਲ ਨਿਗ੍ਹਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਦਾ ਨਤੀਜਾ ਹੈ ਕਿ ਸ੍ਰੀ ਬਦਨੌਰ ਵੱਲੋਂ ਸਰਹੱਦੀ ਖੇਤਰ ਦੇ ਪੱਤਰਕਾਰ ਦੀ ਖ਼ਬਰ ਨੂੰ ਸੰਜੀਦਗੀ ਨਾਲ ਲੈਂਦਿਆਂ ਆਪਣੇ 15 ਅਗਸਤ ਦੇ ਸੰਦੇਸ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬਾਬੂਸ਼ਾਹੀ ਦੇ ਰਿਪੋਰਟਰ ਪੱਤਰਕਾਰ ਲੋਕੇਸ਼ ਰਿਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਰਾਜਪਾਲ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜਪਾਲ ਦੇ ਇਸ ਕਦਮ ਨਾਲ ਜਿੱਥੇ ਇੱਕ ਪਾਸੇ ਉਨ੍ਹਾਂ ਦਾ ਮਨੋਬਲ ਹੋਰ ਵਧਿਆ ਹੈ। ਉੱਥੇ ਦੂਜੇ ਪਾਸੇ ਸਵਰਗਵਾਸੀ ਕਿਸਾਨ ਲੱਖਾ ਸਿੰਘ ਦੇ ਪਰਿਵਾਰ ਲਈ ਵੀ ਇਹ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਬਣਨ ਜਾ ਰਹੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਬਾਬੂਸ਼ਾਹੀ ਵੱਲੋਂ ਬੀਤੀ 20 ਮਾਰਚ ਨੂੰ ਲੋਕੇਸ਼ ਰਿਸ਼ੀ ਦੀ ਲਿਖੀ ਹੋਈ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਮੁਤਾਬਿਕ ਕਾਰੀਡੋਰ ਨਿਰਮਾਣ ਸਬੰਧੀ ਭਾਰਤ ਅਤੇ ਪਾਕਿਸਤਾਨ ਦੀਆਂ ਦੋਹਾਂ ਸਰਕਾਰਾਂ ਵੱਲੋਂ ਭਾਵੇਂ ਲਾਂਘਾ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਲਾਂਘੇ ਸਬੰਧੀ ਨਕਸ਼ਾ ਵੀ ਤਿਆਰ ਕਰ ਲਿਆ ਗਿਆ ਸੀ। ਪਰ ਉਸ ਲਾਂਘੇ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੁਝ ਮੁੱਦਿਆਂ ਤੇ ਟਕਰਾਅ ਹੋਣ ਕਾਰਨ ਕੋਈ ਵੀ ਕਿਸਾਨ ਕਾਰੀਡੋਰ ਲਈ ਆਪਣੀ ਜ਼ਮੀਨ ਦੇਣ ਲਈ ਰਾਜ਼ੀ ਨਹੀਂ ਹੋ ਰਿਹਾ ਸੀ ਅਤੇ ਇਸ ਦੇ ਨਾਲ ਹੀ ਤਿਆਰ ਕੀਤੇ ਗਏ ਨਕਸ਼ੇ ਮੁਤਾਬਿਕ ਦੋਹਾਂ ਦੇਸ਼ਾਂ ਵੱਲੋਂ ਆਉਂਦਾ ਲਾਂਘਾ ਜਿਸ ਜਗ੍ਹਾ ਤੇ ਆ ਕੇ (ਜ਼ੀਰੋ ਲਾਈਨ -ਸਰਹੱਦ) ਤੇ ਮਿਲਦਾ ਸੀ ਉਹ ਜ਼ਮੀਨ ਕਿਸਾਨ ਲੱਖਾ ਸਿੰਘ ਦੀ ਸੀ। ਅਖੀਰ ਲੱਖਾ ਸਿੰਘ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੁੰਦਿਆਂ ਆਪਣੀ 16.5 ਏਕੜ ਵਾਹੀ ਯੋਗ ਜ਼ਮੀਨ ਬਿਨਾ ਕਿਸੇ ਸ਼ਰਤ ਸਰਕਾਰ ਦੇ ਹਵਾਲੇ ਕਰ ਦਿੱਤੀ ਸੀ। ਪੱਤਰਕਾਰ ਲੋਕੇਸ਼ ਰਿਸ਼ੀ ਵੱਲੋਂ ਜਦੋਂ ਕਿਸਾਨ ਲੱਖਾ ਸਿੰਘ ਨੂੰ ਆਪਣੀ ਪੁੱਤਰਾਂ ਵਰਗੀ ਸਾਢੇ 16 ਕਿੱਲੇ ਜ਼ਮੀਨ ਬਿਨਾ ਕਿਸੇ ਸ਼ਰਤ ਸਰਕਾਰ ਹਵਾਲੇ ਕਰਨ ਸਬੰਧੀ ਸਵਾਲ ਪੁੱਛਿਆ। ਤਾਂ ਕਿਸਾਨ ਲੱਖਾ ਸਿੰਘ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਵੱਲੋਂ ਵਿਖਾਏ ਮਰਗ ਤੇ ਚੱਲਣ ਵਾਲਾ ਇਨਸਾਨ ਦੱਸਦਿਆਂ ਕਿਹਾ ਸੀ ਕਿ ਉਹ ਗੁਰੂ ਸਾਹਿਬ ਨੂੰ ਮੰਨਦੇ ਹਨ ਅਤੇ ਉਨ੍ਹਾਂ ਦੇ ਅੰਦਰੋਂ ਅਵਾਜ਼ ਆਈ ਅਤੇ ਉਨ੍ਹਾਂ ਨੇ ਬਿਨਾ ਕੁਝ ਸੋਚਿਆਂ-ਸਮਝਿਆਂ ਆਪਣੀ ਜ਼ਮੀਨ ਲਾਂਘੇ ਲਈ ਦੇਣ ਸਬੰਧੀ ਹਾਮੀ ਭਰ ਦਿੱਤੀ। ਹਾਲਾਂ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਵੀ ਇਸ ਦੌਰਾਨ ਸਮਾਂ ਨਾ ਗਵਾਉਂਦਿਆਂ ਉਸੇ ਵੇਲੇ ਲੋੜੀਂਦੀਆਂ ਗਰਦਾਵਰੀਆਂ ਮੰਗਵਾ ਕੇ ਲਾਂਘੇ ਦਾ ਕੰਮ ਸ਼ੁਰੂ ਕਰਵਾ ਦਿੱਤਾ। ਪਰ ਅਫ਼ਸੋਸ ਇਸ ਗੱਲ ਦਾ ਹੈ ਆਪਣੇ ਬਾਰੇ ਰਾਜਪਾਲ ਦੇ ਸੰਦੇਸ਼ ਵਿਚ ਜ਼ਿਕਰ ਸੁਣਨ ਲਈ ਕਿਸਾਨ ਲੱਖਾ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਿਹਾ . ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਂ ਕੇ ਟਾਹਲੀ ਦੇ ਇਸ ਬਜ਼ੁਰਗ ਲੱਖਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ।
Total Responses : 267