ਰਿਟਰਨਿੰਗ ਅਫ਼ਸਰ ਵੱਲੋਂ ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਬੈਂਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 29 ਮਈ, 2022: ਲੋਕ ਸਭਾ ਹਲਕਾ ਸੰਗਰੂਰ ਦੀ ਆਗਾਮੀ 23 ਜੂਨ ਨੂੰ ਕਰਵਾਈ ਜਾਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਵੱਲੋਂ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਸ਼੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਉਮੀਦਵਾਰਾਂ ਤੇ ਹੋਰਨਾਂ ਵਿਅਕਤੀਆਂ ਵੱਲੋਂ ਕੀਤੇ ਜਾਣ ਵਾਲ਼ੇ ਪੈਸਿਆਂ ਦੇ ਲੈਣ-ਦੇਣ ‘ਤੇ ਨਿਗਰਾਨੀ ਰੱਖੀ ਜਾਣੀ ਬਹੁਤ ਜ਼ਰੂਰੀ ਹੈ ਅਤੇ ਇਸ ਪ੍ਰਕਿਰਿਆ ਤਹਿਤ ਬੈਂਕਾਂ ਦਾ ਬਹੁਤ ਅਹਿਮ ਯੋਗਦਾਨ ਹੈ।
ਸ਼੍ਰੀ ਜੋਰਵਾਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਵੀ ਬੈਂਕ ਖਾਤੇ ਵਿਚ 10 ਲੱਖ ਰੁਪਏ ਤੋਂ ਵੱਧ ਦੀ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਉਸ ਦੀ ਰਿਪੋਰਟ ਰੋਜ਼ਾਨਾ 11 ਵਜੇ ਤੱਕ ਜ਼ਿਲਾ ਪ੍ਰਸ਼ਾਸਨ ਅਤੇ ਨੋਡਲ ਅਫ਼ਸਰ ਇਨਕਮ ਟੈਕਸ ਵਿਭਾਗ ਨੂੰ ਭੇਜੀ ਜਾਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਮੀਦਵਾਰ ਜਾਂ ਉਨਾਂ ਦੇ ਨਾਮਜ਼ਦਗੀ ਪੱਤਰ ਵਿਚ ਦਰਜ ਰਿਸ਼ਤੇਦਾਰ ਜਾਂ ਵਿਅਕਤੀ ਦੇ ਬੈਂਕ ਖਾਤੇ ਵਿਚ ਇਕ ਲੱਖ ਤੋਂ ਵੱਧ ਦੀ ਟ੍ਰਾਂਜੈਕਸ਼ਨ ਦੀ ਰਿਪੋਰਟਿੰਗ ਵੀ ਕੀਤੀ ਜਾਣੀ ਲਾਜਮੀ ਹੈ। ਉਨਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਬੰਦ ਪਏ ਬੈ੍ਂਕ ਖਾਤੇ ਜਾਂ ਲਿਮਟਾਂ ਵਿਚ ਅਚਾਨਕ ਲੈਣ-ਦੇਣ ਹੁੰਦਾ ਹੈ ਤਾਂ ਅਜਿਹੀ ਟ੍ਰਾਂਜੈਕਸ਼ਨ ਦੀ ਜਾਣਕਾਰੀ ਵੀ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਤੋਂ ਇਲਾਵਾ ਪੇਮੈਂਟ ਵਾਲਟ ਵਿਚੋਂ ਕੀਤੇ ਗਏ ਸ਼ੱਕੀ ਲੈਣ ਦੇਣ ਨੂੰ ਵੀ ਰਿਪੋਰਟਿੰਗ ਦੇ ਘੇਰੇ ਵਿਚ ਲਿਆਂਦਾ ਜਾਵੇ।
ਇਸ ਮੌਕੇ ਤਹਿਸੀਲਦਾਰ ਚੋਣਾਂ ਵਿਜੈ ਕੁਮਾਰ, ਐਲ ਡੀ ਐਮ ਸ਼ਾਲਿਨੀ ਮਿੱਤਲ, ਚੋਣ ਕਾਨੂੰਗੋ ਚਮਕੌਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।