ਸੰਗਰੂਰ ਜ਼ਿਮਨੀ ਚੋਣ - ਸ਼ੇਖਾਵਤ ਅਤੇ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਪਣਾ ਚੋਣ ਏਜੰਡਾ ਕੀਤਾ ਪੇਸ਼
- ਕੇਂਦਰੀ ਮੰਤਰੀ ਨੇ ਸੰਗਰੂਰ ਵਿੱਚ ਐਗਰੋ ਪ੍ਰੋਸੈਸਿੰਗ ਇੰਡਸਟਰੀ ਅਤੇ ਅੰਤਰਰਾਸ਼ਟਰੀ ਏਅਰਪੋਰਟ ਲਿਆਉਣ ਦਾ ਵਾਅਦਾ, ਕੇਵਲ ਢਿੱਲੋਂ ਵਲੋਂ ਏਅਰਪੋਰਟ ਲਈ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਦਾ ਹਾਂ-ਪੱਖੀ ਪੱਤਰ ਕੀਤਾ ਪੇਸ਼
- ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਬਿਗੜੀ, ਬਿਊਰੋਕ੍ਰੇਸੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ- ਗਜੇਂਦਰ ਸ਼ੇਖਾਵਤ
- ਕਿਹਾ - ਸਿੱਧੂ ਮੂਸੇ ਵਾਲਾ ਦਾ ਕਤਲ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕ
ਕਮਲਜੀਤ ਸਿੰਘ ਸੰਧੂ
ਬਰਨਾਲਾ 18 ਜੂਨ 2022 - ਸੰਗਰੂਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ 'ਤੇ ਕੇਂਦਰੀ ਮੰਤਰੀ ਅਤੇ ਪੰਜਾਬ ਪ੍ਰਭਾਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਕਿ ਇਸ ਮੌਕੇ ਉਹਨਾਂ ਜਿੱਥੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲ਼ੈ ਪੰਜਾਬ ਸਰਕਾਰ ਨੂੰ ਘੇਰਿਆ, ਉਥੇ ਉਹਨਾਂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਬੀਜੇਪੀ ਦਾ ਏਜੰਡਾ ਮੀਡੀਆ ਸਾਹਮਣੇ ਰੱਖਿਆ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਇੱਕ ਯੋਗ ਨੇਤਾ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹਨਾਂ ਵਲੋਂ ਪੰਜਾਬ ਵਿੱਚ ਬਹੁਤ ਸਮਾਂ ਪਹਿਲਾਂ ਪੈਪਸੀਕੋ ਇੰਡਸਟਰੀ ਖੜੀ ਕਰਕੇ ਇੱਥੇ ਰੁਜ਼ਗਾਰ ਪੈਦਾ ਕੀਤਾ ਸੀ। ਭਾਜਪਾ ਨੂੰ ਇਸ ਚੋਣ ਵਿੱਚ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸੰਗਰੂਰ ਨਿਰੋਲ ਖੇਤੀ ਅਧਾਰਤ ਖਿੱਤਾ ਹੈ, ਜਿੱਥੇ ਬੀਜੇਪੀ ਵਲੋਂ ਕਾਰਗੋ ਟਰਮੀਨਲ ਸਮੇਤ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ ਜਾਵੇਗਾ, ਉਥੇ ਐਗਰੀਕਲਚਰ ਪ੍ਰੋਸੈਸਿੰਗ ਇੰਡਸਟਰੀ ਖੜੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਖੇਤੀ ਸਬੰਧੀ ਪੰਜਾਬ ਪੂਰੇ ਭਾਰਤ ਦਾ ਦਿਲ ਹੈ। ਮਲੇਰਕੋਟਲਾ ਦੇ ਕਿਸਾਨ ਪੰਜਾਬ ਭਰ ਵਿੱਚ ਸਬਜ਼ੀਆਂ ਅਤੇ ਸੰਗਰੂਰ-ਬਰਨਾਲਾ ਤੋਂ ਹੋਰ ਖੇਤੀ ਦਾ ਹੋਰ ਅਨੇਕਾਂ ਫਸਲਾਂ ਪੈਦਾ ਹੁੰਦੀਆਂ ਹਨ।
ਜਿਸ ਕਰਕੇ ਇਸ ਖਿੱਤੇ ਵਿੱਚ ਖੇਤੀ ਅਧਾਰਿਤ ਉਦਯੋਗ ਨੂੰ ਪ੍ਰਫੁੱਲਿਤ ਕਰਕੇ ਰੁਜ਼ਗਾਰ ਦੇ ਵੱਡੇ ਮੌਕੇ ਮੁਹੱਈਆ ਕਰਵਾਏ ਜਾਣਗੇ। ਸੁਨਾਮ ਅਤੇ ਲਹਿਰਾਗਾਗਾ ਵਿੱਚ ਵੱਡੇ ਕੋਲਡ ਸਟੋਰ ਬਣਾਏ ਜਾਣਗੇ। ਕਾਰਗੋ ਟਰਮੀਨਲ ਵਾਲਾ ਅੰਤਰਰਾਸ਼ਟਰੀ ਏਅਰਪੋਰਟ ਬਨਣ ਨਾਲ ਇੱਥੋਂ ਦੀਆਂ ਸਬਜ਼ੀਆਂ ਅਤੇ ਫ਼ਸਲਾਂ ਹੋਰਨਾਂ ਦੇਸ਼ਾਂ ਨੂੰ ਭੇਜੀਆ ਜਾ ਸਕਣਗੀਆਂ। ਜਿਸਦਾ ਪਾਇਆ ਸਿੱਧੇ ਤੌਰ'ਤੇ ਸਾਡੇ ਕਿਸਾਨਾਂ ਨੂੰ ਹੋਵੇਗਾ। ਉਥੇ ਉਹਨਾਂ ਕਿਹਾ ਕਿ ਕਿਸੇ ਸਮੇਂ ਪੰਜਾਬ ਖੇਡਾਂ ਵਿੱਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਸੀ। ਹੁਣ ਹਰਿਆਣਾ ਤੋਂ ਵੀ ਪਿੱਛੇ ਰਹਿ ਗਿਆ ਹੈ। ਖੇਡਾਂ ਵਿੱਚ ਪੰਜਾਬ ਨੂੰ ਮੁੜ ਇੱਕ ਨੰਬਰ ਬਨਾਉਣ ਲਈ ਸੰਗਰੂਰ ਨੂੰ ਖੇਡ ਹੱਬ ਬਣਾਇਆ ਜਾਵੇਗਾ।
ਇਸਤੋਂ ਪਹਿਲਾਂ ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੂਬੇ ਦੇ ਲੋਕਾਂ ਨੇ ਵੱਡਾ ਫ਼ਤਵਾ ਦਿੱਤਾ। ਪਰ ਪੰਜਾਬ ਦੇ ਲੋਕ ਸਰਕਾਰ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਚੁੱਕੇ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ। ਗਾਇਕ ਸਿੱਧੂ ਮੂਸੇ ਵਾਲਾ ਦ ਕਤਲ ਪੰਜਾਬ ਸਰਕਾਰ ਦੇ ਮੱਥੇ ਤੇ ਵੱਡਾ ਕਲੰਕ ਬਣ ਗਿਆ ਹੈ। ਪੰਜਾਬ ਦੀ ਬਿਊਰੋਕ੍ਰੇਸੀ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ।
ਪੰਜਾਬ ਨੂੰ ਦਿੱਲੀ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵਲੋਂ ਚੋਣਾਂ ਮੌਕੇ ਕੀਤੇ ਵਾਅਦੇ ਨੂੰ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਕਿਸੇ ਵੀ ਹਾਲਤ ਪੂਰਾ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਇਸ ਮੌਕੇ ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ ਬੀਜੇਪੀ, ਸੀਨੀਅਰ ਨੇਤਾ ਕੇਡੀ ਭੰਡਾਰੀ, ਸੁਖਵੰਤ ਸਿੰਘ ਧਨੌਲਾ, ਹਰਜੀਤ ਸਿੰਘ ਗਰੇਵਾਲ, ਧੀਰਜ ਦੱਧਾਹੂਰ, ਯਾਦਵਿੰਦਰ ਸ਼ੰਟੀ ਜ਼ਿਲਾ ਪ੍ਰਧਾਨ, ਕਰਨਇੰਦਰ ਸਿੰਘ ਢਿੱਲੋਂ, ਗੁਰਜਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।