ਸੰਗਰੂਰ ਜਿਮਨੀ ਚੋਣ: ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ ਪਰ-----?
ਅਸ਼ੋਕ ਵਰਮਾ
ਸੰਗਰੂਰ, 11ਜੂਨ2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਲੋਕ ਸਭਾ ਹਲਕਾ ਸੰਗਰੂਰ ਲਈ ਕਰਵਾਈ ਜਾ ਰਹੀ ਜਿਮਨੀ ਚੋਣ ਨੇ ਨਾ ਕੇਵਲ ਵਿਰੋਧੀ ਧਿਰਾਂ ਬਲਕਿ ਸੱਤਾ ਧਾਰੀ ਆਮ ਆਦਮੀ ਪਾਰਟੀ ਨੂੰ ਵੀ ਜਿੱਤ ਜਾਂ ਹਾਰ ਦਾ ਧੁੜਕੂ ਲਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਸਾਲ 2019 ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਧੁਰੰਤਰ ਲੀਡਰਾਂ ਅਤੇ ਪੰਥਕ ਧਿਰਾਂ ਦੇ ਗੜ੍ਹ ਤੋੜਕੇ ਇਹ ਸੀਟ ਜਿੱਤੀ ਸੀ। ਪੰਜਾਬ ਦੀ ਸਰਗਰਮ ਰਾਜਨੀਤੀ ’ਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਮੁਹਿੰਮ ਦੀ ਸ਼ੁਰੂਆਤ ਵੀ ਇਸ ਹਲਕੇ ਤੋਂ ਹੀ ਹੋਈ ਸੀ।
ਇਹੋ ਕਾਰਨ ਹੈ ਕਿ ਮਾਲਵਾ ਖਿੱਤੇ ’ਚ ਪੈਂਦਾ ਸੰਗਰੂਰ ਲੋਕ ਸਭਾ ਹਲਕਾ ਪੰਜਾਬ ਦੀ ਸਿਆਸਤ ’ਚ ਅਹਿਮ ਸਥਾਨ ਭੂਮਿਕਾ ਅਦਾ ਕਰਨ ਜਾ ਰਿਹਾ ਹੈ। ਪੰਜਾਬੀ ਗਾਇਕ ਆਰ ਨੇਤ ਵੱਲੋਂ ਗਾਏ ਗੀਤ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦਾ ਆ ਪਰ ਦੱਬਦਾ ਕਿੱਥੇ ਹੈ ਦੀ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਵੱਡੀ ਪੱਧਰ ਤੇ ਗੂੰਜ ਪਈ ਸੀ। ਤੱਤਕਾਲੀ ਆਪ ਉਮੀਦਵਾਰ ਭਗਵੰਤ ਮਾਨ ਜਿੱਥੇ ਵੀ ਜਾਂਦਾ ਇਹ ਗੀਤ ਜਰੂਰ ਵੱਜਦਾ ਰਿਹਾ ਹੈ। ਹਾਲਾਂਕਿ ਸੰਗਰੂਰ ਹਲਕੇ ਦੀ ਰਾਜਨੀਤੀ ਜਿਮਨੀ ਚੋਣ ’ਚ ‘ਝਾੜੂ ਦੱਬਦਾ ਹੈ ਜਾਂ ਨਹੀਂ’ ਇਹ ਤਾਂ ਨਤੀਜਾ ਦੱਸੇਗਾ ਪਰ ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਸਾਰੀਆਂ ਹੀ ਵਿਰੋਧੀ ਧਿਰਾਂ ‘ਝਾੜੂ ’ ਦੇ ਤੀਲੇ ਖਿਲਾਰਨ ਦੇ ਯਤਨਾਂ ’ਚ ਲੱਗੀਆਂ ਹੋਈਆਂ ਹਨ।
ਖਾਸ ਤੌਰ ਤੇ ਹਾਲੀਆ ਵਿਧਾਨ ਸਭਾ ਚੋਣਾਂ ’ਚ ਭਗਵੰਤ ਮਾਨ ਹੱਥੋਂ ਧੂਰੀ ਹਲਕੇ ’ਚ ਬੁਰੀ ਤਰਾਂ ਹਾਰ ਗਿਆ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਤਾਂ ਪੂਰੇ ਜੋਰ ਸ਼ਰ ਨਾਲ ਮੁੱਖ ਮੰਤਰੀ ਨੂੰ ਦੱਬਣ ਦੇ ਯਤਨਾਂ ’ਚ ਲੱਗਿਆ ਹੋਇਆ ਹੈ। ਇਸੇ ਤਰਾਂ ਹੀ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਆਪਣੀ ਸਾਲ 2019 ’ਚ ਕਾਂਗਰਸੀ ਉਮੀਦਵਾਰ ਵਜੋਂ ਹੋਈ ਹਾਰ ਦਾ ਬਦਲਾ ਚੁਕਾਉਣ ਲਈ ਤੁਰਿਆ ਹੋਇਆ ਹੈ। ਇਸੇ ਤਰਾਂ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਪੁਰਾਣੇ ਦਿਨ ਵਾਪਿਸ ਲਿਆਉਣ ਲਈ ਲੜ ਰਹੇ ਹਨ।
ਜਿਮਨੀ ਚੋਣ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਚੋਣ ਪ੍ਰਚਾਰ ਜੋਰਾਂ ਤੇ ਕੀਤਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਹਲੇ ਹਨ। ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਇਸ ਹਲਕੇ ਦੇ ਜੰਮਪਲ ਅਤੇ ਅਸਤੀਫਾ ਦੇਣ ਵਾਲੇ ਸੰਸਦ ਮੈਂਬਰ ਹਨ। ਸੰਸਦੀ ਹਲਕੇ ’ਚ ਨਵੇਂ ਬਣੇ ਜਿਲ੍ਹੇ ਮਲੇਰਕੋਟਲਾ ਦਾ 1, ਜ਼ਿਲ੍ਹਾ ਸੰਗਰੂਰ ਦੇ5 ਅਤੇ ਬਰਨਾਲਾ ਦੇ 3ਵਿਧਾਨ ਸਭਾ ਹਲਕੇ ਪੈਂਦੇ ਹਨ। ਇੰਨ੍ਹਾਂ ਸਾਰੇ ਹਲਕਿਆਂ ਤੇ ਆਮ ਆਦਮੀ ਪਾਰਟੀ ਦਾ ਕਬਜਾ ਹੈ ਜਦੋਂ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੇ ਕਬਜੇ ਹੇਠ ਇੱਕ, ਕਾਂਗਰਸ ਕੋਲ ਤਿੰਨ ਅਤੇ ਪੰਜ ਹਲਕਿਆਂ ’ਚ ਆਪ ਉਮੀਦਵਾਰ ਜਿੱਤੇ ਸਨ।
ਸਾਲ 2022 ਦੀ ਬੰਪਰ ਜਿੱਤ ਕਰਕੇ ਇਕੱਲਾ ਸੰਸਦੀ ਹਲਕਾ ਸੰਗਰੂਰ ਵਕਾਰੀ ਨਹੀਂ ਹੈ, ਬਲਕਿ ਮੁੱਦੇ ਵੀ ਵਕਾਰੀ ਹਨ। ਇਸ ਦੇ ਨਾਲ ਹੀ ਕਈ ਤਰਾਂ ਦੇ ਸੁਆਲ ਵੀ ਹਨ ਜੋ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਤੋਂ ਪੁੱਛਦੇ ਹਨ। ਜੇਕਰ ਸੰਸਦ ਮੈਂਬਰ ਵਜੋਂ ਕਾਰਗੁਜ਼ਾਰੀ ’ਤੇ ਝਾਤ ਮਾਰੀ ਜਾਵੇ ਤਾਂ ਭਗਵੰਤ ਮਾਨ ਨੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਖਾਸ ਤੌਰ ਤੇ ਕਿਸਾਨੀ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਹੈ। ਆਪਣੇ ਕਾਰਜਕਾਲ ਦੌਰਾਨੇ ਆਪਣੀ ਕਲਾ ਅਤੇ ਸਿਆਸਤ ਦੇ ਸੁਮੇਲ ਨਾਲ ਵਿਰੋਧੀਆਂ ਨੂੰ ਇਸ ਢੰਗ ਨਾਲ ਸਿਆਸੀ ਨਿਸ਼ਾਨਾ ਬਣਾਇਆ ਜਿਸ ਨਾਲ ਮੁਲਕ ਦਾ ਧਿਆਨ ਆਪਣੇ ਵੱਲ ਖਿੱਚਿ੍ਹਆ ਹੈ।
ਵਿਦੇਸ਼ਾਂ ਵਿਚ ਫਸੇ ਪੰਜਾਬ ਦੇ ਸੈਂਕੜੇ ਮੁੰਡੇ-ਕੁੜੀਆਂ ਬਚਾਉਣ, ਮਲੇਰਕੋਟਲਾ ‘ਚ ਪਾਸਪੋਰਟ ਦਫ਼ਤਰ, ਕੈਂਸਰ ਦੇ ਮਰੀਜ਼ਾਂ ਦਾ ਇਲਾਜ, ਲਾਇਬਰੇਰੀਆਂ ਬਨਾਉਣ ਵਰਗੇ ਕਈ ਕਾਰਜ ਭਗਵੰਤ ਮਾਨ ਦੇ ਹਿੱਸੇ ਆਉਂਦੇ ਹਨ ਤਾਂ ਸੰਸਦੀ ਹਲਕੇ ਵਿਚਲੀਆਂ ਨਾਕਾਮੀਆਂ ਦਾ ਵੀ ਸਾਹਮਣਾ ਹੈ। ਸੰਸਦ ਮੈਂਬਰ ਵਜੋਂ ਭਗਵੰਤ ਮਾਨ ਨੇ ਸਿੱਖਿਆ ਵਰਗੇ ਤਰਜੀਹੀ ਖੇਤਰ ਨੂੰ ਪਹਿਲ ਦਿੱਤੀ ਹੈ। ਇਸ ਦੇ ਉਲਟ ਪਹਿਲੀ ਵਾਰ ਹੈ ਕਿ ਸੰਸਦ ਦੀ ਚੋਣ ਕੌਮੀ ਮੁੱਦਿਆਂ ਦੀ ਥਾਂ ਪੰਜਾਬ ਦੀਭਗਵੰਤ ਮਾਨ ਸਰਕਾਰ ਦੇ ਕੰਮ ਮਾਪਣ ਦਾ ਪੈਮਾਨਾ ਬਣਦੀ ਜਾ ਰਹੀ ਹੈ। ਸੰਗਰੂਰ ਹਲਕੇ ਵਿੱਚ ਸਿਹਤ ਸਹੂਲਤਾਂ, ਸਿੱਖਿਆ ਅਤੇ ਕਿਸਾਨੀ ਦੀ ਮਾੜੀ ਹਾਲਤ ਵਰਗੇ ਮਸਲੇ ਬਰਕਰਾਰ ਹਨ।
ਹਾਲੀਆ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਪਰ ਵੋਟਰ ਆਖਦੇ ਹਨ ਕਿ ਅਜੇ ਕੋਈ ਤਬਦੀਲੀ ਵਾਲੀ ਗੱਲ ਨਜ਼ਰ ਨਹੀਂ ਆ ਰਹੀ ਹੈ। ਇਹੋ ਕਾਰਨ ਹੈ ਕਿ ਸਾਰਿਆਂ ਹੀ ਹਲਕਿਆਂ ’ਚ ਜੇਤੂ ਰਹੀ ਪਾਰਟੀ ਨੂੰ ਜਿਮਨੀ ਚੋਣ ਦੌਰਾਨ ਲੋਕਾਂ ਅਤੇ ਸਿਆਸੀ ਧਿਰਾਂ ਨਾਲ ਜੂਝਣਾ ਪੈ ਰਿਹਾ ਹੈ। ਉਂਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਲਈ ਰਾਹਤ ਹੈ ਕਿ ਉਸ ਦੀ ਆਪਣੀ ਪਾਰਟੀ ਦੀ ਸਰਕਾਰ ਹੈ। ਸਧਾਰਨ ਵਲੰਟੀਅਰ ਦਾ ਧਨਾਢ ਉਮੀਦਵਾਰਾਂ ਨਾਲ ਮੁਕਾਬਲਾ ਹੋਣਾ ਉਹ ਵੀ ਉਸ ਵਕਤ ਜਦੋਂ ਚੋਣਾਂ ਪੈਸੇ ਦੀ ਖੇਡ੍ਹ ਮੰਨੀਆਂ ਜਾਂਦੀਆਂ ਹਨ। ਅਜਿਹੀਆਂ ਪ੍ਰਸਥਿਤੀਆਂ ’ਚ ਸੰਗਰੂਰ ਦਾ ਚੋਣ ਪਿੜ ਅਗਲੀ ਸਿਆਸੀ ਦਿਸ਼ਾ ਕਿਹੋ ਜਿਹੀ ਤੈਅ ਕਰਦਾ ਹੈ ਇਸ ਤੇ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।