ਸੰਗਰੂਰ ਦੀ ਜ਼ਿਮਨੀ ਚੋਣ ਕਈ ਸਿਆਸੀ ਧਿਰਾਂ ਲਈ ਬਣੀ 'ਹੋਂਦ ਦੀ ਲੜਾਈ'
-ਭਾਜਪਾ ਨੂੰ ਚੋਣ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ
- ਅਕਾਲੀ ਦਲ (ਬ) ਅਤੇ ਮਾਨ ਦਲ ਵਿਚਾਲੇ ਬਣਿਆ ਇਕ ਦੂਜੇ ਤੋਂ ਮੋਹਰੀ ਹੋਣ ਦਾ ਮੁਕਾਬਲਾ
- ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ 'ਸਰਕਾਰੀ ਹੌਸਲੇ' ਅਤੇ ਕੀਤੇ ਚੋਣ ਵਾਅਦਿਆਂ ਨੂੰ ਆਧਾਰ ਬਣਾਕੇ ਲੜੀ ਜਾ ਰਹੀ ਹੈ ਚੋਣ
- ਭਵਿੱਖ ਅੰਦਰ ਕਈ ਸਿਆਸੀ ਪਾਰਟੀਆਂ ਦੇ ਰਾਜਨੀਤਕ ਜੀਵਨ ਨੂੰ ਹਾਸ਼ੀਏ ਤੇ ਧੱਕਣ ਵਾਲੀ ਹੋਵੇਗੀ ਸੰਗਰੂਰ ਜ਼ਿਮਨੀ ਚੋਣ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 22 ਜੂਨ 2022 - ਲੋਕ ਸਭਾ ਹਲਕਾ ਸੰਗਰੂਰ ਦੀ ਭਲਕੇ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਕਈ ਸਿਆਸੀ ਧਿਰਾਂ ਆਪਣੀ ਹੋਂਦ ਦੀ ਲੜਾਈ ਮੰਨ ਕੇ ਰਾਜਨੀਤਕ ਮੈਦਾਨ ਅੰਦਰ ਕਮਰਕੱਸੇ ਮਾਰਦਿਆਂ ਆਪਣੀ ਖੁਸ ਰਹੀ ਸਿਆਸੀ ਜ਼ਮੀਨ ਨੂੰ ਖੰਘਾਲਣ ਦੇ ਲਈ ਬੇਹੱਦ ਔਖ ਭਰੇ ਹਾਲਾਤਾਂ ਵਿੱਚੋਂ ਗੁਜ਼ਰਨ ਦੇ ਬਾਵਜੂਦ ਅਣਮੰਨੇ ਮਨ ਨਾਲ ਚੋਣ ਮੈਦਾਨ ਵਿਚ ਵਿਚਰ ਰਹੀਆਂ ਪ੍ਰਤੀਤ ਹੁੰਦੀਆਂ ਹਨ ।
ਭਵਿੱਖ ਅੰਦਰ ਕਈ ਸਿਆਸੀ ਪਾਰਟੀਆਂ ਦੇ ਰਾਜਨੀਤਕ ਜੀਵਨ ਨੂੰ ਹਾਸ਼ੀਏ ਤੇ ਧੱਕਣ ਵਾਲੀ ਇਸ ਚੋਣ ਅੰਦਰ ਜਿੱਥੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ 'ਸਰਕਾਰੀ ਹੌਸਲੇ' ਅਤੇ ਕੀਤੇ ਚੋਣ ਵਾਅਦਿਆਂ ਨੂੰ ਆਧਾਰ ਬਣਾ ਕੇ ਪੂਰੀ ਤਰ੍ਹਾਂ ਹਮਲਾਵਰ ਰੁਖ ਅਪਣਾਉਂਦਿਆਂ ਸੰਗਰੂਰ ਦੇ ਸਿਆਸੀ ਕਿਲੇ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਦੇ ਲਈ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਉਤਾਰਿਆ ਗਿਆ ਹੈ । ਉਥੇ ਹੀ ਕਾਂਗਰਸ ਵੱਲੋਂ ਕਾਫੀ ਰੋਲ-ਘਚੋਲੇ ਤੋਂ ਬਾਅਦ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦੇ ਕੇ ਆਪਣੀ ਚੋਣ ਮੁਹਿੰਮ ਨੂੰ ਥਾਂ ਸਿਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।
ਸਿੱਖਾਂ ਦੀ ਮਾਂ ਪਾਰਟੀ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬਾ ਕਮਲਜੀਤ ਕੌਰ ਦਾ ਸਹਾਰਾ ਲੈ ਕੇ ਇਸ ਚੋਣ ਨੂੰ ਇਕ ਤਰ੍ਹਾਂ ਨਾਲ ਔਖਾ-ਸੌਖਾ ਹੋ ਕੇ ਨੇਪਰੇ ਚਾੜ੍ਹਨ ਦੀ ਕਾਰਵਾਈ ਕਰਾਰ ਦਿੰਦਿਆਂ ਸਿਆਸੀ ਪੰਡਿਤ 'ਸਮਾਂ ਲਘਾਉਣ' ਵਾਲਾ ਕਟਾਕਸ਼ ਜ਼ਰੂਰ ਕਰਦੇ ਹਨ । ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੇ ਪੈਰਾਂ ਨੂੰ ਪੱਕੇ ਕਰਨ ਦੇ ਲਈ ਪੂਰੀ ਵਿਉਂਤਬੰਦੀ ਤਹਿਤ ਨੁੱਕਡ਼ ਮੀਟਿੰਗਾਂ ਦਾ ਜਾਲ ਬੁਣਦਿਆਂ ਕੇਵਲ ਸਿੰਘ ਢਿੱਲੋਂ ਤੇ ਗੁਣੀਆ ਪਾ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਰਾਹੀਂ ਜ਼ਿਲ੍ਹਾ ਸੰਗਰੂਰ ਅੰਦਰ ਢੀਂਡਸਾ ਪਰਿਵਾਰ ਦੀ ਭਰਵੀਂ ਰਾਜਨੀਤਕ ਤਾਕਤ ਨੂੰ ਕਲਾਵੇ ਵਿੱਚ ਲੈਂਦਿਆਂ ਇਸ ਚੋਣ ਵਿੱਚ ਚੰਗੇ ਪ੍ਰਦਰਸ਼ਨ ਦੀ ਆਸ ਨੂੰ ਆਧਾਰ ਬਣਾਕੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ । ਮਾਨ ਦਲ ਵੱਲੋਂ ਹਰ ਵਾਰ ਦੀ ਤਰ੍ਹਾਂ ਕੌਮੀ ਲੜਾਈ ਦਾ ਵਾਸਤਾ ਪਾ ਕੇ ਆਪਣੀ ਕਿਸ਼ਤੀ ਨੂੰ ਰਾਜਨੀਤਕ ਸਮੁੰਦਰ ਵਿੱਚ ਠਿੱਲ੍ਹਦਿਆਂ ਸ਼ਹੀਦਾ ਦੇ ਨਾਂ ਤੇ ਵੋਟ ਦੀ ਮੰਗ ਕੀਤੀ ਜਾ ਰਹੀ ਹੈ । ਮਾਨ ਦਲ ਵੱਲੋਂ ਚੋਣ ਦੇ ਸ਼ੁਰੂ ਵਿੱਚ ਬਾਦਲ ਨਾਲ ਵਧਾਈ ਨੇੜਤਾ ਦੀ ਗੂਜ ਪਿੰਡਾਂ ਦੀਆਂ ਸੱਥਾਂ ਵਿਚ ਆਮ ਸੁਣਾਈ ਦਿੰਦੀ ਹੈ ।
ਸਿਆਸੀ ਅਲਜਬਰੇ ਨੂੰ ਨੇਡ਼ਿਓਂ ਸਮਝਣ ਵਾਲੇ ਘਾਗ ਸਿਆਸਤਦਾਨਾਂ ਵੱਲੋਂ ਇਸ ਚੋਣ ਦਾ ਤੱਤ ਸਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਹੋਣ ਵਾਲੇ ਮੁਕਾਬਲੇ ਨੂੰ ਆਧਾਰ ਬਣਾ ਕੇ ਵੇਖਿਆ ਜਾ ਰਿਹਾ ਹੈ । ਜਦਕਿ ਬਾਕੀ ਸਿਆਸੀ ਧਿਰਾਂ ਸਿਰਫ਼ ਇੱਕ ਦੂਜੇ ਤੋਂ ਅੱਗੇ ਲੰਘ ਕੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਲੜਾਈ ਲੜ ਰਹੀਆਂ ਪ੍ਰਤੀਤ ਹੁੰਦੀਆਂ ਹਨ । ਕਿਉਂਕਿ ਬਾਕੀ ਸਿਆਸੀ ਧਿਰਾਂ ਕਿੰਨੇ ਕੁ ਪਾਣੀ ਦੇ ਵਿੱਚ ਹਨ ਇਹ ਤਾਂ ਚੋਣ ਦੇ ਆਗਾਜ਼ ਤੋਂ ਪਹਿਲਾਂ ਹੀ ਉਮੀਦਵਾਰਾਂ ਦੀ ਭਾਲ ਮੌਕੇ ਪਤਾ ਲੱਗ ਚੁੱਕਿਆ ਸੀ ।
ਅਕਾਲੀ ਦਲ (ਬ) ਮਾਨ ਦਲ ਨਾਲੋਂ ਅਗਾਂਹ ਲੰਘ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦੇ ਚੱਕਰ ਵਿੱਚ ਧੂੰਆਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ । ਭਾਜਪਾ ਕੇਂਦਰ ਸਰਕਾਰ ਦੇ ਸਿਰ ਤੇ ਆਪਣੀ ਚੰਗੀ ਹੋਂਦ ਦਾ ਮੁਜ਼ਾਹਰਾ ਕਰਨ ਦੇ ਰੌਂਅ ਵਿੱਚ ਜਾਪ ਰਹੀ ਹੈ । ਮਾਨ ਦਲ ਬਾਕੀਆਂ ਨੂੰ ਪਛਾੜ ਕੇ ਆਪਣੀ ਬਾਲਟੀ ਭਰਨ ਦੇ ਲਈ ਪਿੰਡਾਂ ਦੀਆਂ ਸੱਥਾਂ ਅੰਦਰ ਪੰਥਕ ਕੇਡਰ ਨੂੰ ਪ੍ਰਭਾਵਤ ਕਰਨ ਦੇ ਲਈ ਯਤਨਸ਼ੀਲ ਹੈ । ਕੁੱਝ ਵੀ ਹੋਵੇ ਇਹ ਜ਼ਿਮਨੀ ਚੋਣ ਕਿਸੇ ਇੱਕ ਧਿਰ ਦੀ ਝੰਡੀ ਅਤੇ ਕਈ ਸਿਆਸੀ ਧਿਰਾਂ ਦੇ ਰਾਜਨੀਤਕ ਭਵਿੱਖ ਨੂੰ ਹਾਸ਼ੀਏ ਤੇ ਜ਼ਰੂਰ ਧੱਕ ਦੇਵੇਗੀ ।