ਸੰਗਰੂਰ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਜੈ ਇੰਦਰ ਕੌਰ ਨੇ ਕੀਤਾ ਚੋਣ ਪ੍ਰਚਾਰ
- ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ 'ਆਪ' ਸਰਕਾਰ: ਜੈ ਇੰਦਰ ਕੌਰ
ਸੰਗਰੂਰ, 19 ਜੂਨ 2022 - ਪੰਜਾਬ ਲੋਕ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਪੁੱਤਰ ਜੈ ਇੰਦਰ ਕੌਰ ਜੀ ਨੇ ਅੱਜ ਲੋਕ ਸਭਾ ਜ਼ਿਮਨੀ ਚੋਣਾਂ ਲਈ ਸੰਗਰੂਰ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ ਕੀਤਾ।
ਕੇਵਲ ਸਿੰਘ ਢਿੱਲੋਂ ਦੀਆਂ ਜਨਤਕ ਮੀਟਿੰਗਾਂ ਵਿੱਚ ਸ਼ਾਮਲ ਹੋ ਕੇ ਜੈ ਇੰਦਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਸੰਗਰੂਰ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਅਸਲੀ ਚਿਹਰੇ ਦਾ ਅਹਿਸਾਸ ਹੋ ਗਿਆ ਹੈ ਅਤੇ ਪਿਛਲੇ 3 ਮਹੀਨਿਆਂ ਵਿੱਚ ਕਾਨੂੰਨ ਵਿਵਸਥਾ ਨਾਲ ਸੰਬੰਧਤ ਇੰਨ੍ਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹੀ ਪਿਛਲੇ 2 ਸਾਲ ਵਿੱਚ ਨਹੀਂ ਹੋਈਆਂ।
ਆਮ ਆਦਮੀ ਪਾਰਟੀ 'ਤੇ ਆਪਣਾ ਹਮਲਾ ਜਾਰੀ ਰੱਖਦਿਆਂ ਉਨ੍ਹਾਂ ਕਿਹਾ, "ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਪੰਜਾਬ ਨੂੰ ਇੱਕ ਮਜ਼ਬੂਤ ਅਤੇ ਸਥਿਰ ਲੀਡਰਸ਼ਿਪ ਦੀ ਲੋੜ ਹੈ, ਅਤੇ ਇਹ ਸਿਰਫ਼ ਭਾਜਪਾ ਹੀ ਪ੍ਰਦਾਨ ਕਰ ਸਕਦੀ ਹੈ। ਕੇਂਦਰ ਵਿੱਚ ਭਾਜਪਾ ਸੱਤਾ ਵਿੱਚ ਹੈ ਅਤੇ ਉਹ ਸੰਗਰੂਰ ਦੇ ਲੋਕਾਂ ਲਈ ਵੱਡੇ ਪ੍ਰੋਜੈਕਟ ਲਿਆਉਣ ਵਿੱਚ ਸਾਡੀ ਮਦਦ ਵੀ ਕਰ ਸਕਦੀ ਹੈ। ਅੱਜ ਤੁਹਾਡੇ ਭਰਵੇਂ ਹੁੰਗਾਰੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੰਗਰੂਰ ਦੇ ਲੋਕਾਂ ਨੇ ਕੇਵਲ ਢਿੱਲੋਂ ਨੂੰ ਵੋਟ ਦੇਣ ਦਾ ਮਨ ਬਣਾ ਲਿਆ ਹੈ ਕਿਉਂਕਿ ਭਾਜਪਾ ਹੀ ਉਹ ਪਾਰਟੀ ਹੈ ਜੋ ਖੇਤਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਦੀ ਹੈ।"
ਇੱਕ ਸੰਸਦ ਮੈਂਬਰ ਦੀ ਸ਼ਕਤੀ ਬਾਰੇ ਗੱਲ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, “ਮੈਂ ਸਮਝਦੀ ਹਾਂ ਕਿ ਇੱਕ ਚੁਣੇ ਹੋਏ ਸੰਸਦ ਮੈਂਬਰ ਕੋਲ ਕਿਹੜੀ ਸ਼ਕਤੀ ਹੁੰਦੀ ਹੈ, ਜਦੋਂ ਮੇਰੇ ਪਿਤਾ ਜੀ ਕੇਂਦਰ ਸਰਕਾਰ ਦੀ ਮਦਦ ਨਾਲ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਤਾਂ ਉਨ੍ਹਾਂ ਨੇ ਪਟਿਆਲਾ ਵਿੱਚ ਰੇਲਵੇ ਵਰਕਸ਼ਾਪ ਵੀ ਲਿਆਂਦੀ ਸੀ ਜੋ ਅੱਜ ਤੱਕ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਸਾਰਥਕ ਰੁਜ਼ਗਾਰ ਪ੍ਰਦਾਨ ਕਰ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਜਿਹੇ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ ਕਰਦੀ ਹਾਂ ਜੋ ਸੱਚਮੁੱਚ ਇਸ ਖੇਤਰ ਦੀ ਬਿਹਤਰੀ ਲਈ ਕੰਮ ਕਰੇਗਾ ਅਤੇ ਤੁਹਾਡੇ ਮੁੱਦੇ ਸੰਸਦ ਵਿੱਚ ਉਠਾਏਗਾ।"
ਇਸ ਮੁਹਿੰਮ ਵਿੱਚ ਜੈ ਇੰਦਰ ਕੌਰ, ਕੇਵਲ ਸਿੰਘ ਢਿੱਲੋਂ, ਵਿਨੋਦ ਖੰਨਾ ਅਤੇ ਮਨੋਰੰਜਨ ਕਾਲੀਆ ਦੇ ਨਾਲ ਸਾਬਕਾ ਚੇਅਰਮੈਨ ਕਮਲਦੀਪ ਸਿੰਘ ਸੈਣੀ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡਾ: ਦੀਪਕ ਜੋਤੀ ਆਦਿ ਹਾਜ਼ਰ ਸਨ।