ਸੰਗਰੂਰ ਜ਼ਿਮਨੀ ਚੋਣ ਲਈ ਅੱਜ ਕਿਸੇ ਵੀ ਉਮੀਦਵਾਰ ਨੇ ਨਹੀਂ ਭਰੇ ਨਾਮਜ਼ਦਗੀ ਕਾਗਜ਼: ਰਿਟਰਨਿੰਗ ਅਫ਼ਸਰ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 2 ਜੂਨ, 2022: ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅੱਜ ਮਿਤੀ 2 ਜੂਨ 2022 ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਿਸੇ ਵੀ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ 30 ਮਈ ਨੂੰ ਸੰਗਰੂਰ ਜ਼ਿਮਨੀ ਚੋਣ ਦਾ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਸੀ ਜਿਸ ਤਹਿਤ ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਮਿਤੀ 6 ਜੂਨ 2022 ਨਿਸ਼ਚਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਿਤੀ 2 ਜੂਨ ਤੱਕ ਸਿਰਫ਼ ਇੱਕ ਆਜ਼ਾਦ ਉਮੀਦਵਾਰ ਵੱਲੋਂ ਹੀ ਨਾਮਜ਼ਦਗੀ ਪੱਤਰ ਜਮਾਂ ਕਰਵਾਇਆ ਗਿਆ ਹੈ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਮਿਤੀ 6 ਜੂਨ ਤੱਕ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਭਰੇ ਜਾ ਸਕਦੇ ਹਨ। ਉਨਾਂ ਕਿਹਾ ਕਿ ਸਿਰਫ਼ ਮਿਤੀ 5 ਜੂਨ 2022 ਨੂੰ ਐਤਵਾਰ ਦੀ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਉਨਾਂ ਕਿਹਾ ਕਿ ਕਿ ਇਸ ਤੋਂ ਬਾਅਦ 7 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 9 ਜੂਨ ਤੱਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ।