ਜ਼ਿਮਨੀ ਚੋਣ ਲੋਕ ਸਭਾ 2022 - ਮਲੇਰਕੋਟਲਾ ਹਲਕੇ ਵਿਚ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ - ਡੀ ਸੀ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਮਨੀ ਚੋਣਾ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਵਾਸੀਆਂ ਅਤੇ ਪੋਲਿੰਗ ਸਟਾਫ਼ ਦਾ ਧੰਨਵਾਦ
- ਮਾਲੇਰਕੋਟਲਾ ਹਲਕੇ ਵਿੱਚ ਕਰੀਬ 47.30 ਫ਼ੀਸਦੀ ਵੋਟਿੰਗ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 23 ਜੂਨ 2022 - ਜ਼ਿਮਨੀ ਚੋਣ ਸੰਗਰੂਰ ਲੋਕ ਸਭਾ 2022 ਮਾਲੇਰਕੋਟਲਾ ਵਿਖੇ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਲੋਕ ਸਭਾ ਹਲਕਾ 12 ਸੈਗਮੈਂਟ 105 ਮਾਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦਿੱਤੀ । ਇਸ ਮੌਕੇ ਉਨ੍ਹਾਂ ਨਾਲ ਸਹਾਇਕ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅੰਕੁਰ ਮਹਿੰਦਰੂ ਵੀ ਮੌਜੂਦ ਸਨ । ਵੋਟਿੰਗ ਸਵੇਰੇ 08.00 ਵਜੇ ਸ਼ੁਰੂ ਹੋ ਕੇ ਸ਼ਾਮ 06.00 ਵਜੇ ਤੱਕ ਚੱਲੀ। ਹਲਕਾ ਵਾਸੀਆਂ ਨੇ ਲੋਕਤੰਤਰੀ ਪ੍ਰਣਾਲੀ ਦੇ ਇਸ ਅਹਿਮ ਜਸ਼ਨ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਹੁਤ ਹੀ ਸ਼ਾਂਤਮਈ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਵੋਟਿੰਗ ਮੁਕੰਮਲ ਹੋਈ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਸਾਰੇ ਬੂਥਾਂ `ਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ ਗਈਆਂ।
ਇਸ ਦੌਰਾਨ ਜਿੱਥੇ ਉਨ੍ਹਾਂ ਚੋਣ ਡਿਊਟੀ `ਚ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੋਟਿੰਗ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ, ਉੱਥੇ ਜ਼ਿਲ੍ਹਾ ਵਾਸੀਆਂ ਦਾ ਵੀ ਇਸ ਮਹਾਂ ਤਿਉਹਾਰ ਵਿੱਚ ਹੁੰਮ-ਹੁੰਮਾ ਕੇ ਸ਼ਮੂਲੀਅਤ ਕਰਨ ਲਈ ਵੀ ਧੰਨਵਾਦ ਕੀਤਾ।
ਇਸ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਹਲਕੇ ਵਿੱਚ ਕਰੀਬ 47.30 ਫ਼ੀਸਦੀ ਪੋਲਿੰਗ ਰਹੀ ।