ਕੈਨੇਡਾ: ਬੀਸੀ ਵਿਚ ਕੋਰੋਨਾਵਾਇਰਸ ਦੇ 48 ਨਵੇਂ ਕੇਸ- 3 ਹੋਰ ਮੌਤਾਂ
ਹਰਦਮ ਮਾਨ
ਸਰੀ, 24 ਮਾਰਚ 2020-ਬ੍ਰਿਟਿਸ਼ ਕੋਲੰਬੀਆ ਵਿੱਚ ਸ਼ਨੀਵਾਰ ਤੋਂ ਕੋਰੋਨਾਵਾਇਰਸ ਕਾਰਨ ਤਿੰਨ ਨਵੀਆਂ ਮੌਤਾਂ ਦਰਜ ਹੋਈਆਂ ਹਨ ਅਤੇ ਨਾਲ ਹੀ 48 ਨਵੇਂ ਕੇਸ ਵੀ ਦਰਜ ਕੀਤੇ ਗਏ ਹਨ। ਇਸ ਤਰ੍ਹਾਂ ਬੀ.ਸੀ. ਵਿਚ ਹੁਣ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 472 ਹੋ ਗਈ ਹੈ ਅਤੇ 13 ਮੌਤਾਂ ਹੋ ਚੁੱਕੀਆਂ ਹਨ। 33 ਪੀੜਤ ਲੋਕ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 14 ਆਈਸੀਯੂ ਵਿਚ ਹਨ।
ਅੱਜ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਵਾਇਰਸ ਤੋਂ ਪ੍ਰਭਾਵਿਤ 100 ਵਿਅਕਤੀ ਠੀਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਟੈਸਟ ਦੌਰਾਨ ਪੌਜੇਟਿਵ ਪਾਏ ਗਏ ਬਹੁਤੇ ਲੋਕ ਬਜ਼ੁਰਗ ਹਨ ਅਤੇ ਜ਼ਿਆਦਾਤਰ ਵੈਨਕੂਵਰ ਖੇਤਰ ਵਿਚ ਹਨ।
ਇਸੇ ਦੌਰਾਨ ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਨੇ ਕਿਹਾ ਹੈ ਕਿ ਸਾਰੇ ਕਾਰੋਬਾਰ ਬੰਦ ਕਰਨ ਅਤੇ ਸਮਾਜਿਕ ਦੂਰੀ ਰੱਖਣ ਦੀ ਇਕ ਵਾਰ ਫੇਰ ਅਪੀਲ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਵੱਡੇ ਇਕੱਠਾਂ ਵਿਚ ਇਕੱਤਰ ਹੋਣ ਵਾਲੇ ਜਾਂ ਦੋ ਮੀਟਰ ਦੀ ਦੂਰੀ ਰੱਖਣ ਦੀ ਕੋਸ਼ਿਸ਼ ਨਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co