ਅਸ਼ੋਕ ਵਰਮਾ
- ਖੁਦ ਫੋਨ ਕਰਕੇ ਰਿਸ਼ਤੇਦਾਰਾਂ ਨੂੰ ਆਉਣ ਤੋਂ ਰੋਕਿਆ
ਬਠਿੰਡਾ, 25 ਮਾਰਚ 2020 - ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋਣ ਤੇ 58 ਸਾਲ਼ਾ ਬਲਵਿੰਦਰ ਕੌਰ ਦਾ ਅੰਤਿਮ ਸੰਸਕਾਰ ਉਸਦੇ ਪਤੀ ਮੱਘਰ ਸਿੰਘ ਨੇ ਸਿਰਫ ਪੰਜ ਸੱਤ ਪਰਿਵਾਰਕ ਮੈਂਬਰਾਂ ਨਾਲ ਕਰਕੇ ਸੂਝ ਬੂਝ ਦੀ ਮਿਸਾਲ ਕਾਇਮ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਖੁਦ ਫੋਨ ਕਰਕੇ ਸਾਰੇ ਰਿਸ਼ਤੇਦਾਰਾਂ ਇਥੋਂ ਤੱਕ ਮਿਰਤਕ ਦੇ ਭੈਣ ਭਰਾਵਾਂ ਨੂੰ ਵੀ ਰੋਕ ਦਿੱਤਾ।
ਮਾਡਲ ਟਾਊਨ ਫੇਸ ਇੱਕ ਵਾਸੀ ਮੱਘਰ ਸਿੰਘ ਜੋ ਕਿ ਡਾਕ ਵਿਭਾਗ ਵਿਚੋਂ ਬਤੌਰ ਪੋਸਟ ਮਾਸਟਰ ਸੇਵਾ ਮੁਕਤ ਹਨ ਤੇ ਹੁਣ ਮਾਡਲ ਟਾਊਨ ਗੁਰਦੁਆਰਾ ਜੀਵਨ ਪ੍ਰਕਾਸ਼ ਕਮੇਟੀ ਮੈਂਬਰ ਵੀ ਹਨ, ਦੀ ਪਤਨੀ ਬਲਵਿੰਦਰ ਕੌਰ 58 ਸਾਲ ਦੀ ਕੱਲ੍ਹ ਸ਼ਾਮ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਮੱਘਰ ਸਿੰਘ ਨੇ ਬਹੁਤ ਹੀ ਸੂਝ ਬੂਝ ਤੋਂ ਕੰਮ ਲੈਂਦਿਆਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਰਫ ਪੰਜ ਸੱਤ ਪਰਿਵਾਰਿਕ ਮੈਂਬਰਾਂ ਅਤੇ ਗੁਆਂਢੀਆਂ ਦੀ ਮਦਦ ਨਾਲ ਹੀ ਪਤਨੀ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਤਾਂ ਮੁਸੀਬਤ ਵਿੱਚ ਹਨ ਪਰ ਰਿਸ਼ਤੇਦਾਰ ਵੀ ਕਿਉਂ ਪ੍ਰੇਸ਼ਾਨ ਹੋਣ, ਨਾਲੇ ਭਿਆਨਕ ਬਿਮਾਰੀ ਕੋਰੋਨਾ ਕਾਰਨ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ। ਇਸ ਲਈ ਉਨ੍ਹਾਂ ਇਹ ਫੈਸਲਾ ਲਿਆ।