ਰਜਨੀਸ਼ ਸਰੀਨ
- 18 ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ 24 ਘੰਟੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਦੇਖਭਾਲ
- ਤਿੰਨ ਮੈਡੀਕਲ ਟੀਮਾਂ ਦੇ ਰਹੀਆਂ ਨੇ ਦਿਨ ਰਾਤ ਡਿਊਟੀ
- ਜ਼ਿਲ੍ਹਾ ਪ੍ਰਸ਼ਾਸਨ ਮੁਹੱਈਆ ਕਰਵਾ ਰਿਹਾ ਹੈ ਪੌਸ਼ਟਿਕ ਖਾਣਾ ਤੇ ਫ਼ਲ
ਨਵਾਂਸ਼ਹਿਰ, 29 ਮਾਰਚ 2020 - ਪੰਜਾਬ ’ਚ ਸਭ ਤੋਂ ਵਧੇਰੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਨਾਲ ਚਰਚਾ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਦਾ ਆਈਸੋਲੇਸ਼ਨ ਵਾਰਡ ਕੋੋਰੋਨਾ ਵਾਇਰਸ ਦੇ ਪੀੜਤਾਂ ਲਈ ਆਸ ਦੀ ਕਿਰਨ ਬਣ ਕੇ ਉਭਰਿਆ ਹੈ। ਹਸਪਤਾਲ ਵਿਖੇ ਤਾਇਨਾਤ ਮੈਡੀਕਲ ਟੀਮਾਂ ਵੱਲੋਂ ਦਿਨ-ਰਾਤ ਇਨ੍ਹਾਂ ਮਰੀਜ਼ਾਂ ਦੀ ਦੇਖ-ਭਾਲ ਕਰਕੇ ਉਨ੍ਹਾਂ ਨੂੰ ਸਿਹਤਯਾਬ ਹੋਣ ’ਚ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ।
ਐਸ ਐਮ ਓ ਡਾ. ਹਰਵਿੰਦਰ ਸਿੰਘ ਜੋ ਕਿ ਖੁਦ ਵੀ ਆਈਸੋਲੇਸ਼ਨ ਵਾਰਡ ’ਚ ਜਾਣ ਤੋਂ ਨਹੀਂ ਘਬਰਾਉਂਦੇ, ਨੇ ਦੱਸਿਆ ਕਿ ਉਨ੍ਹਾਂ ਦੀਆਂ ਮੈਡੀਕਲ ਟੀਮਾਂ ’ਚ ਸ਼ਾਮਿਲ ਡਾਕਟਰ, ਨਰਸਾਂ, ਸਫ਼ਾਈ ਸੇਵਕ ਤੇ ਦਰਜਾ ਚਾਰ ਮੁਲਾਜ਼ਮ ਕੋਰੋਨਾ ਖ਼ਿਲਾਫ਼ ਲੜਾਈ ਦੇ ਅਸਲ ਨਾਇਕ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ’ਚ ਸ਼ਾਮਿਲ ਇਨ੍ਹਾਂ ਲੋਕਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ‘ਪਰਸਨਲ ਪ੍ਰੋਟੈਕਸ਼ਨ ਇਕੁਇਪਡ’ ਕਿੱਟਾਂ ਪਵਾਉਣ ਉਪਰੰਤ ਹੀ ਵਾਰਡ ’ਚ ਭੇਜਿਆ ਜਾਂਦਾ ਹੈ।
ਸਿਵਲ ਹਸਪਤਾਲ ਨਵਾਂਸ਼ਹਿਰ ’ਚ ਬਣਾਏ ਵਾਰਡਾਂ ’ਚ 90 ਵਿਅਕਤੀਆਂ ਨੂੰ ਆਈਸੋਲੇਟ ਕਰਕੇ ਰੱਖੇ ਜਾਣ ਦੀ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਸਿੰਘ ਦੱਸਦੇ ਹਨ ਕਿ ਹਸਪਤਾਲ ’ਚ ਆਉਣ ਵਾਲੇ ਦੂਸਰੇ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਓ ਪੀ ਡੀ ਅਤੇ ਐਮਰਜੈਂਸੀ ਸੇਵਾਵਾਂ ਜ਼ਿਲ੍ਹੇ ਦੇ ਦੂਸਰੇ ਹਸਪਤਾਲਾਂ ’ਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਇੱਥੇ ਕੇਵਲ ਕੋਰੋਨਾ ਵਾਇਰਸ ਪੀੜਤਾਂ ਨੂੰ ਰੱਖਣ ਅਤੇ ਉਨ੍ਹਾਂ ਦੇ ਇਲਾਜ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਲਾਜ ਲਈ ਬਣਾਈਆਂ ਤਿੰਨ ਮੈਡੀਕਲ ਟੀਮਾਂ ’ਚੋਂ ਦੋ ਟੀਮਾਂ 6-6 ਘੰਟੇ ਅਤੇ ਰਾਤ ਵਾਲੀ ਟੀਮ ਜਿਸ ਨੂੰ ਡਬਲ ਕਰ ਦਿੱਤਾ ਹੈ, 12 ਘੰਟੇ ਲਈ ਕੰਮ ਕਰਦੀ ਹੈ। ਇਨ੍ਹਾਂ ਦਾ ਕੰਮ ਆਈਸੋਲੇਸ਼ਨ ’ਚ ਰੱਖੇ ਗਏ ਪੀੜਤਾਂ ਦਾ ਰੋਜ਼ਾਨਾ ਚੈਕ ਅਪ, ਸੈਨੇਟਾਈਜ਼ੇਸ਼ਨ ਅਤੇ ਉਨ੍ਹਾਂ ਨੂੰ ਖਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੀ ਜਾਂਦੀ ਪੌਸ਼ਟਿਕ ਖੁਰਾਕ ਅਤੇ ਫ਼ਲ ਦੇਣਾ ਹੈ।
ਡਾ. ਹਰਵਿੰਦਰ ਸਿੰਘ ਅਨੁਸਾਰ ਹਾਲਾਂ ਤੱਕ ਆਈਸੋਲੇਸ਼ਨ ’ਚ ਰੱਖੇ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਿਲ ਨਹੀਂ ਆਈ ਅਤੇ ਸਾਰੇ ਮਰੀਜ਼ ਦਿੱਤੇ ਜਾ ਰਹੇ ਲੋੜੀਂਦੇ ਇਲਾਜ ਨਾਲ ਪੂਰੀ ਤਰ੍ਹਾਂ ਸਿਹਤਯਾਬ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇੱਥੇ ਕਿਸੇ ਵੀ ਮਰੀਜ਼ ਨੂੰ ਗੰਭੀਰ ਮੁਸ਼ਕਿਲ ਹੋਣ ’ਤੇ ਆਈ ਸੀ ਯੂ ’ਚ ਭੇਜਣ ਦੇ ਪ੍ਰਬੰਧ ਜਲੰਧਰ ਵਿਖੇ ਕੀਤੇ ਗਏ ਹਨ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਅਤੇ ਸਿਹਤ ਵਿਭਾਗ ਵੱਲੋਂ ਸੁਝਾਈਆਂ ਸਾਵਧਾਨੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਅਤੇ ਆਪਣੇ ਜ਼ਿਲ੍ਹੇ ਨੂੰ ਇਸ ਬਿਮਾਰੀ ਤੋਂ ਬਚਾਉਣ ’ਚ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਮੱਦਦ ਕਰਨ।