ਪੰਜਾਬ ਦੇ ਪਟਵਾਰੀ ਇੱਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਕਰੋਨਾ ਰਾਹਤ ਕੋਸ਼ ਵਿੱਚ ਜਮ੍ਹਾਂ ਕਰਾਉਣਗੇ
ਚੰਡੀਗੜ੍ਹ , 01 ਅਪ੍ਰੈਲ , 2020 :
ਪਟਵਾਰ ਯੂਨੀਅਨ ਪੰਜਾਬ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੰਜਾਬ ਦੇ ਸਮੁੱਚੇ ਪਟਵਾਰੀ ਇੱਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਪੰਜਾਬ ਦੇ ਕਰੋਨਾ ਰਾਹਤ ਕੋਸ਼ ਵਿੱਚ ਜਮ੍ਹਾਂ ਕਰਾਉਣਗੇ, ਜੋ ਕਿ ਲਗਭਗ 25 ਲੱਖ ਰੁਪਏ ਬਣਦੀ ਹੈ ।
ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਇਸ ਦੀ ਸੂਚਨਾ ਟੈਲੀਫ਼ੋਨ ਰਾਹੀ ਤੇ ਵਟਸਐਪ ਮੈਸੇਜ ਰਾਹੀ ਵਿੱਤ ਕਮਿਸ਼ਨਰ ਮਾਲ ਕਰਨਬੀਰ ਸਿੰਘ ਸਿੱਧੂ ਆਈ.ਏ.ਐਸ. ਅਤੇ ਮਾਲ ਵਿਭਾਗ ਦੇ ਅਧਿਕਾਰੀ ਕੈਪਟਨ ਕਰਨੈਲ ਸਿੰਘ ਨੂੰ ਦੇ ਦਿੱਤੀ ਗਈ ਹੈ ।
ਵਿੱਤ ਕਮਿਸ਼ਨਰ ਮਾਲ ਨੂੰ ਬੇਨਤੀ ਕੀਤੀ ਹੈ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਫ਼ੈਸਲੇ ਸਬੰਧੀ ਜ਼ਿਲ੍ਹਾ ਕੁਲਕੈਟਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਜਾਵੇ । ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਜਿਲਾਂ ਪ੍ਰਧਾਨਾਂ ਤੇ ਤਹਿਸੀਲ ਪ੍ਰਧਾਨਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਫ਼ੈਸਲੇ ਸਬੰਧੀ ਜ਼ਿਲ੍ਹਾ ਪ੍ਰਧਾਨ ਡਿਪਟੀ ਕਮਿਸ਼ਨਰ ਨੂੰ ਅਤੇ ਤਹਿਸੀਲ ਪ੍ਰਧਾਨ ਐਸ.ਡੀ.ਐਮ ਅਤੇ ਤਹਿਸੀਲਦਾਰ ਨੂੰ ਜਾਣੂ ਕਰਵਾਉਣਗੇ । ਪਟਵਾਰੀਆਂ ਨੂੰ ਆਦੇਸ਼ ਹੈ ਕਿ ਇਸ ਔਖੀ ਘੜੀ ਵਿੱਚ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾਵੇ ਅਤੇ ਆਪਣੇ ਆਪਣੇ ਪਟਵਾਰ ਸਰਕਲਾਂ ਵਿੱਚ ਪੂਰਾ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਗ਼ਰੀਬ ਨਾਲ ਰਾਸ਼ਨ ਅਤੇ ਹੋਰ ਰਾਹਤ ਸਮਗਰੀ ਵਗ਼ੈਰਾ ਸਬੰਧੀ ਕੋਈ ਵੀ ਬੇਇਨਸਾਫ਼ੀ ਨਾ ਹੋਵੇ। ਇਹ ਸਾਡਾ ਸਾਰਿਆ ਦਾ ਨੈਤਿਕ ਫ਼ਰਜ਼ ਬਣਦਾ ਹੈ । ਪਟਵਾਰੀਆ ਦਾ ਅੱਜ ਵੀ ਪਿੰਡਾਂ ਵਿੱਚ ਬਹੁਤ ਸਤਿਕਾਰ ਹੈ, ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਕੋਈ ਤਕਲੀਫ਼ ਨਾ ਹੋਵੇ ਆਪਣੇ ਆਪਣੇ ਹਲਕੇ ਦੇ ਨੰਬਰਦਾਰਾਂ, ਸਰਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੂੰ ਉਨ੍ਹਾਂ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਜਾਵੇ। ਉਨ੍ਹਾਂ ਸਾਰੇ ਪਟਵਾਰੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਇਹ ਫ਼ੈਸਲਾ ਲੈਣ ਤੋ ਪਹਿਲਾਂ ਹੀ ਆਪਣੇ ਆਪਣੇ ਪਟਵਾਰ ਸਰਕਲਾਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਅਤੇ ਦਵਾਈਆਂ ਦਿੱਤੀਆਂ ਹਨ।