ਰਜਨੀਸ਼ ਸਰੀਨ
- ਮੈਡੀਕਲ ਸਟਾਫ਼ ਨੇ 18 ’ਚੋਂ 8 ਕੇਸ ਨੈਗੇਟਿਵ ਆਉਣ ’ਤੇ ਕੇਕ ਨਾਲ ਕੀਤਾ ਸ਼ੁਕਰਾਨਾ
ਨਵਾਂਸ਼ਹਿਰ, 5 ਅਪ੍ਰੈਲ 2020 - ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਕੋਵਿਡ-19 ਪੀੜਤ 2 ਸਾਲਾ ਬੱਚੇ ਦੇ ਪਰਿਵਾਰ ਨਾਲ ਮਾਨਵੀ ਸੰਵੇਦਨਾ ਜਤਾਉਂਦਿਆਂ ਪੀੜਤ ਬੱਚੇ ਦੇ ਪਹਿਲੇ ਟੈਸਟ ਦੇ ਨੈਗੇਟਿਵ ਆਉਣ ਅਤੇ ਕਲ੍ਹ ਉਸ ਵੱਲੋਂ ਆਪਣੇ 2 ਸਾਲ ਪੂਰੇ ਕੀਤੇ ਜਾਣ ਦੀ ਖੁਸ਼ੀ ਮਨਾਉਂਦੇ ਹੋਏ ਹਸਪਤਾਲ ’ਚ ਉਸ ਲਈ ਗਿਫ਼ਟ ਅਤੇ ਕੇਕੇ ਭੇਜੇ।
ਐਸ ਐਸ ਪੀ ਅਲਕਾ ਮੀਨਾ ਵੱਲੋਂ ਡੀ ਐਸ ਪੀ ਦੀਪਕਾ ਸਿੰਘ ਜੋ ਕਿ ਕੋਵਿਡ-19 ਨਾਲ ਸਬੰਧਤ ਗਤੀਵਿਧੀਆਂ ਲਈ ਜ਼ਿਲ੍ਹਾ ਪੁਲਿਸ ਦੇ ਨੋਡਲ ਅਫ਼ਸਰ ਵੀ ਹਨ, ਨੇ ਇਹ ਸਮਾਨ ਨੰਨ੍ਹੇ ਬੱਚੇ ਦੀ ਮਾਤਾ ਨੂੰ ਸੌਂਪਿਆ। ਉਸ ਦੀ ਮਾਤਾ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਇਸ ਉਪਰਾਲੇ ਦਾ ਧੰਂਵਾਦ ਕਰਦੇ ਹੋਏ ਤੋਹਫ਼ੇ ਤਾਂ ਸਵੀਕਾਰ ਕਰ ਲਏ ਗਏ ਪਰੰਤੂ ਕੇਕ ਮੈਡੀਕਲ ਸਟਾਫ਼ ਲਈ ਭੇਜ ਦਿੱਤਾ ਗਿਆ।
ਬਾਅਦ ਵਿੱਚ ਸਮੁੱਚੇ ਮੈਡੀਕਲ ਸਟਾਫ਼ ਵੱਲੋ ਜ਼ਿਲ੍ਹੇ ਦੇ 18 ਪਾਜ਼ੇਟਿਵ ਕੇਸਾਂ ’ਚੋਂ ਇੱਕ ਦੇ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਣ ਅਤੇ 7 ਹੋਰਾਂ ਦੇ ਪਹਿਲੇ ਟੈਸਟ ’ਚੋਂ ਨੈਗੇਟਿਵ ਆਉਣ ਦੀ ਖੁਸ਼ੀ ਨੂੰ ਇਸ ਕੇਕ ਰਾਹੀਂ ਸਾਂਝਾ ਕੀਤਾ ਗਿਆ।
ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਇਸ ਮੌਕੇ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ’ਚ ਕਰਫ਼ਿਊ ਰਾਹੀਂ ਇਸ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਅਤੇ ਨੰਨ੍ਹੇ ਬੱਚੇ ਲਈ ਕੀਤੇ ਤਰੱਦਦ ਲਈ ਧੰਨਵਾਦ ਕੀਤਾ।