ਰਜਨੀਸ਼ ਸਰੀਨ
- ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ 8 ਮਰੀਜ਼ ਇਲਾਜ ਅਧੀਨ
- ਜ਼ਿਲ੍ਹੇ ’ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਸਥਿਰ
- ਹੁਣ ਤੱਕ 400 ਵਿਅਕਤੀਆਂ ਦੇ ਕੋਵਿਡ-19 ਪ੍ਰੀਖਣ ਲਈ ਨਮੂਨੇ ਲਏ ਗਏ
ਨਵਾਂਸ਼ਹਿਰ, 9 ਅਪਰੈਲ 2020 - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਦੋ ਹੋਰ ਕੋਵਿਡ-19 ਪੀੜਤ ਬੱਚਿਆਂ ਦੀ ਲਗਾਤਾਰ ਦੂਸਰੀ ਰਿਪੋਰਟ ਨੈਗੇਟਿਵ ਆਉਣ ਬਾਅਦ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 19 ਕੋਵਿਡ ਪੀੜਤ ਪਾਏ ਗਏ ਸਨ, ਜਿਨ੍ਹਾਂ ’ਚ ਸਵਰਗੀ ਬਾਬਾ ਬਲਦੇਵ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਦਾਖਲ ਕੀਤੇ ਗਏ ਸਨ। ਇਸ ਮੌਕੇ ਆਈਸੋਲੇਸ਼ਨ ਵਾਰਡ 8 ਮਰੀਜ਼ ਦਾਖਲ ਹਨ, ਜਿਨ੍ਹਾਂ ਦੀ ਹਾਲਤ ਤੰਦਰੁਸਤ ਹੋਣ ਵੱਲ ਵੱਧ ਰਹੀ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਅੱਜ ਜਿਨ੍ਹਾਂ ਦੋ ਬੱਚਿਆਂ ਦੀ ਕੋਵਿਡ-19 ਪ੍ਰੀਖਣ ਦੀ ਰਿਪੋਰਟ ਨੈਗੇਟਿਵ ਆਈ ਹੈ, ਉਹ ਸਵ. ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਬਾਕੀ 8 ਮਰੀਜ਼ਾਂ ਦੀ ਹਾਲਤ ਵੀ ਠੀਕ ਹੈ ਅਤੇ ਉਨ੍ਹਾਂ ਦੇ ਨਿਰਧਾਰਿਤ ਪ੍ਰੋਟੋਕਾਲ ਮੁਤਾਬਕ ਪ੍ਰੀਖਣ ਕਰਵਾਏ ਜਾ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 400 ਕੋਵਿਡ-19 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ ਸਵ. ਬਲਦੇਵ ਸਿੰਘ ਸਮੇਤ 19 ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 400 ਨਮੂਨਿਆਂ ’ਚੋਂ ਅੱਜ ਸਵੇਰ ਤੱਕ 377 ਨਮੂਨੇ ਨੈਗੇਟਿਵ ਪਾਏ ਗਏ ਹਨ ਜਦਕਿ ਇੱਕ ਦੀ ਰਿਪੋਰਟ ਉਡੀਕੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ, ਬਾਹਰ ਨਿਕਲਣ ਦੀ ਮਜਬੂਰੀ ’ਤੇ ਮੂੰਹ ’ਤੇ ਮਾਸਕ ਲੈਣ, ਭੀੜ ਤੋਂ ਦੂਰ ਰਹਿਣ ਅਤੇ ਘੱਟੋ-ਘੱਟ 2 ਮੀਟਰ ਦਾ ਫ਼ਾਸਲਾ ਰੱਖਣ, ਆਪਣੇ ਹੱਥਾਂ ਨੂੰ ਵਾਰ ਵਾਰ ਧੋਣ ਦੀ ਅਪੀਲ ਕੀਤੀ ਹੈ ਤਾਂ ਜੋ ਜ਼ਿਲ੍ਹੇ ’ਚ ਕੋਵਿਡ-19 ਦੀ ਰੋਕਥਾਮ ਲਈ ਚੁੱਕੇ ਪ੍ਰਭਾਵਸ਼ਾਲੀ ਕਦਮ ਬਰਕਰਾਰ ਰਹਿ ਸਕਣ।