ਚੰਡੀਗੜ੍ਹ, 10 ਅਪਰੈਲ 2020 - ਪੰਜਾਬ ਮੰਤਰੀ ਮੰਡਲ ਵੱਲੋਂ ਕੋਵਿਡ-19 ਸੰਕਟ ਦੇ ਟਾਕਰੇ ਲਈ ਖ਼ਰਚਿਆਂ ਵਿੱਚ ਲੋੜੀਂਦੀ ਕਟੌਤੀ ਕਰਨ ਸਬੰਧੀ ਫੈਸਲਾ ਲੈਣ ਅਤੇ ਵਿਆਪਕ ਵਿਚਾਰ-ਵਟਾਂਦਰੇ ਲਈ ਵਿੱਤੀ ਪ੍ਰਬੰਧਨ ਬਾਰੇ ਕੈਬਨਿਟ ਸਬ ਕਮੇਟੀ ਵਿੱਚ 4 ਵਾਧੂ ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰਤ ਕੀਤਾ ਗਿਆ ਹੈ।
ਕੋਵਿਡ ਸੰਕਟ ਦੇ ਮੱਦੇਨਜ਼ਰ ਸੂਬੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਦਿਆਂ ਮੰਤਰੀ ਮੰਡਲ ਨੇ ਵੱਖ-ਵੱਖ ਵਿਭਾਗਾਂ ਨੂੰ ਖਰਚਿਆਂ ਵਿੱਚ ਕਟੌਤੀ ਸਬੰਧੀ ਆਪਣੇ ਪ੍ਰਸਤਾਵ ਸੋਮਵਾਰ ਤੱਕ ਭੇਜਣ ਲਈ ਕਿਹਾ ਅਤੇ ਇਹ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਵਿਚਾਰ-ਵਟਾਂਦਰੇ ਲਈ ਕੈਬਨਿਟ ਸਬ ਕਮੇਟੀ ਮੰਗਲਵਾਰ ਨੂੰ ਮੀਟਿੰਗ ਕਰੇਗੀ।
ਮੁੱਖ ਮੰਤਰੀ, ਜੋ ਕੈਬਨਿਟ ਸਬ-ਕਮੇਟੀ ਦੇ ਮੁਖੀ ਹਨ, ਨੇ ਕੋਵਿਡ -19 ਵਿਰੁੱਧ ਜੰਗ ਵਿੱਚ ਸਰੋਤ ਜੁਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਵਿਆਪਕ ਵਿਚਾਰ-ਵਟਾਂਦਰੇ ਲਈ ਸਬ-ਕਮੇਟੀ ਦੇ ਵਿਸਥਾਰ ਦਾ ਸੁਝਾਅ ਵੀ ਦਿੱਤਾ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਵਿੱਚ ਦੱਸਿਆ ਕਿ ਆਗਾਮੀ ਖਰੀਦ ਕਾਰਜਾਂ ਰਾਹੀਂ ਪ੍ਰਾਪਤ ਹੋਣ ਵਾਲੇ 30,000 ਕਰੋੜ ਰੁਪਏ ਦੇ ਮਾਲੀਏ ਨਾਲ ਸੂਬੇ ਦੀ ਆਰਥਿਕਤਾ ਨੂੰ ਬਲ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਸੂਬੇ ਦੀ ਕੋਵੀਡ-19 ਵਿਰੁੱਧ ਜੰਗ ਨੂੰ ਹੋਰ ਮਜ਼ਬੂਤੀ ਮਿਲੇਗੀ।